ਲਾਹੌਰ : ਪਾਕਿਸਤਾਨ 'ਚ ਲਾਹੌਰ ਦੇ ਮਸ਼ਹੂਰ ਅਨਾਰਕਲੀ ਬਾਜ਼ਾਰ ਦੀ ਪਾਨ ਮੰਡੀ 'ਚ ਵੀਰਵਾਰ ਨੂੰ ਜ਼ਬਰਦਸਤ ਧਮਾਕਾ (Lahore Bomb Blast) ਹੋਇਆ। ਇਸ ਘਟਨਾ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਸ ਬਜ਼ਾਰ ਵਿੱਚ ਭਾਰਤੀ ਸਮਾਨ ਵਿਕਦਾ ਹੈ। ਲਾਹੌਰ ਪੁਲਿਸ ਦੇ ਬੁਲਾਰੇ ਰਾਣਾ ਆਰਿਫ਼ ਨੇ ਪੁਸ਼ਟੀ ਕੀਤੀ ਕਿ ਧਮਾਕੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਧਮਾਕੇ ਕਾਰਨ ਦੁਕਾਨਾਂ ਅਤੇ ਇਮਾਰਤਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਪੁਲਿਸ ਮੁਤਾਬਕ ਇਹ ਧਮਾਕਾ ਪਾਨ ਮੰਡੀ ਨੇੜੇ ਹੋਇਆ, ਜਿੱਥੇ ਭਾਰਤੀ ਸਮਾਨ ਵੇਚਿਆ ਜਾਂਦਾ ਹੈ। ਅਜੇ ਤੱਕ ਕਿਸੇ ਸਮੂਹ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਲਾਹੌਰ ਦੇ ਇਤਿਹਾਸਕ 'ਵਾਲ ਸਿਟੀ' ਨੇੜੇ ਧਮਾਕੇ ਵਾਲੀ ਥਾਂ 'ਤੇ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (ਆਪ੍ਰੇਸ਼ਨਜ਼) ਡਾਕਟਰ ਮੁਹੰਮਦ ਆਬਿਦ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਧਮਾਕੇ ਦੀ ਪ੍ਰਕਿਰਤੀ ਦਾ ਪਤਾ ਲਗਾ ਰਹੇ ਹਾਂ।" ਧਮਾਕੇ 'ਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।
ਆਬਿਦ ਨੇ ਮੋਟਰਸਾਈਕਲ 'ਤੇ ਜਾਂ ਬਾਜ਼ਾਰ 'ਚ 'ਟਾਈਮ ਡਿਵਾਈਸ' ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਉਸ ਨੇ ਕਿਹਾ, 'ਵਿਸਫੋਟ ਕਾਰਨ ਹੋਇਆ ਟੋਆ ਟਾਈਮ ਯੰਤਰ ਦੀ ਵਰਤੋਂ ਦਾ ਸੰਕੇਤ ਦੇ ਰਿਹਾ ਹੈ। ਹਾਲਾਂਕਿ, ਅਸੀਂ ਫਿਲਹਾਲ ਕਿਸੇ ਵੀ ਚੀਜ਼ ਦੀ ਪੁਸ਼ਟੀ ਨਹੀਂ ਕਰ ਸਕਦੇ ਹਾਂ। ਆਬਿਦ ਨੇ ਕਿਹਾ ਕਿ ਅੱਤਵਾਦ ਵਿਰੋਧੀ ਵਿਭਾਗ ਅਤੇ ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਧਮਾਕੇ ਦੀ ਕਿਸਮ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ : ਤਰਨਤਾਰਨ ਸੀਟ ਤੋਂ ਕਾਂਗਰਸ ਵੱਲੋਂ ਫੇਰ ਹਿੰਦੂ ਚਿਹਰਾ, ਅਕਾਲੀ ਦਲ ਨੇ ਪੰਜਵੀਂ ਵਾਰ ਉਤਾਰੇ ਹਰਮੀਤ ਸੰਧੂ
ਰੈਸਕਿਊ 1122 ਅਨੁਸਾਰ ਜ਼ਖਮੀਆਂ ਨੂੰ ਮੇਓ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਦੋ ਦੀ ਮੌਤ ਹੋ ਗਈ। ਮੇਓ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਇਫ਼ਤਿਖਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਲਿਆਂਦੇ ਗਏ ਚਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਧਮਾਕੇ 'ਚ ਵੱਡੀ ਗਿਣਤੀ 'ਚ ਬਾਈਕ ਅਤੇ ਦੁਕਾਨਦਾਰਾਂ ਨੂੰ ਨੁਕਸਾਨ ਪਹੁੰਚਿਆ। ਧਮਾਕੇ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਪੂਰੇ ਅਨਾਰਕਲੀ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਹੈ।
(ਏਜੰਸੀ ਇਨਪੁੱਟ)