ਲੰਡਨ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਮਲਿਕ 'ਤੇ ਸੋਮਵਾਰ ਰਾਤ ਲੰਡਨ 'ਚ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਪਾਕਿਸਤਾਨੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਮਲਿਕ ਸੈਰ 'ਤੇ ਗਏ ਸਨ, ਜਦੋਂ ਦੋ ਨਕਾਬਪੋਸ਼ ਹਮਲਾਵਰਾਂ ਨੇ ਸਟੀਲ ਦੀ ਰਾਡ ਨਾਲ ਉਸ 'ਤੇ ਹਮਲਾ ਕਰ ਦਿੱਤਾ।
ਉਸਦੇ ਪਰਿਵਾਰ ਦੇ ਇੱਕ ਮੈਂਬਰ ਨੇ ਦੱਸਿਆ ਕਿ ਡਾ. ਮਲਿਕ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਸਕਾਟਲੈਂਡ ਯਾਰਡ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਸੜਕ 'ਤੇ ਹੋਣ ਵਾਲੇ ਅਪਰਾਧ (ਸਟ੍ਰੀਟ ਅਪਰਾਧ) ਦੀ ਤਰ੍ਹਾ ਲਿਆ ਜਾ ਰਿਹਾ ਹੈ ਕਿਉਂਕਿ ਦੋਨਾਂ ਹਮਲਾਵਰਾਂ ਨੇ ਡਾਕਟਰ ਤੋਂ ਉਨ੍ਹਾਂ ਦੀ ਘੜੀ ਲੁੱਟੀ ਹੈ। ਪਰ ਨਵਾਜ਼ ਸ਼ਰੀਫ ਦੀ ਪਾਰਟੀ ਦੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਕਿਹਾ ਹੈ ਕਿ ਇਹ ਹਮਲਾ ਸਾਬਕਾ ਪ੍ਰਧਾਨ ਮੰਤਰੀ ਦੇ ਇਲਾਜ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਹੈ।
ਪਾਰਟੀ ਪ੍ਰਧਾਨ ਅਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਮਾਮਲਾ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਸ਼ਰੀਫ ਪਰਿਵਾਰ ਦੇ ਮੈਂਬਰਾਂ ਦੇ ਘਰਾਂ ‘ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ।
ਇਹ ਵੀ ਪੜੋ: ਸਿਆਸੀ ਲਾਹੇ ਕਾਰਨ ਸਿੰਧੀਆ ਨੇ ਭਾਜਪਾ ਨਾਲ ਮਿਲਾਇਆ ਹੱਥ: ਅਸ਼ੋਕ ਗਹਿਲੋਤ
ਨਵਾਜ਼ ਸ਼ਰੀਫ ਇਸ ਸਮੇਂ ਲੰਡਨ ਵਿੱਚ ਇਲਾਜ ਕਰਾ ਰਹੇ ਹਨ। ਉਨ੍ਹਾਂ ਦੇ ਨਾਲ ਡਾ. ਅਦਨਾਨ ਮਲਿਕ ਦੇ ਇਲਾਵਾ ਸ਼ਾਹਬਾਜ਼ ਸ਼ਰੀਫ ਵੀ ਲੰਡਨ ਵਿੱਚ ਹਨ। ਨਵਾਜ਼ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਜੇਲ੍ਹ ਵਿੱਚ ਸੀ। ਉਨ੍ਹਾਂ ਨੂੰ ਇਲਾਜ ਲਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਉਸਦੀ ਜ਼ਮਾਨਤ ਦੀ ਮਿਆਦ ਪੂਰੀ ਹੋ ਗਈ ਹੈ ਅਤੇ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਘਰ ਭੇਜਣ ਲਈ ਬ੍ਰਿਟਿਸ਼ ਸਰਕਾਰ ਨੂੰ ਪੱਤਰ ਭੇਜਿਆ ਹੈ।