ਨਵੀਂ ਦਿੱਲੀ: ਸੀਰੀਆ ਦੇ ਇਦਲੀਬ ਵਿੱਚ ਰੂਸ ਦੇ ਹਵਾਈ ਹਮਲਿਆਂ ਤੋਂ ਬਾਅਦ ਤਿੰਨ ਦਿਨ ਪਹਿਲਾਂ ਸ਼ੁਰੂ ਹੋਇਆ ਯੁੱਧ ਹੁਣ ਭੜਕ ਗਿਆ ਹੈ। ਤਾਜ਼ਾ ਹਵਾਈ ਹਮਲੇ ਵਿੱਚ 33 ਤੁਰਕੀ ਸੈਨਿਕ ਮਾਰੇ ਗਏ ਹਨ, ਜਿਸ ਤੋਂ ਬਾਅਦ ਤੁਰਕੀ ਨੇ ਜਵਾਬੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੀਰੀਆ ਦੀ ਬਸ਼ਰ ਅਲ-ਅਸਦ ਸਰਕਾਰ 'ਤੇ ਤਾਜ਼ਾ ਹਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। ਖਿੱਤੇ ਵਿੱਚ ਇੱਕ ਹੋਰ ਸ਼ਰਨਾਰਥੀ ਸੰਕਟ ਦੀ ਸੰਭਾਵਨਾ ਦੇ ਮੱਦੇਨਜ਼ਰ, ਸੰਯੁਕਤ ਰਾਸ਼ਟਰ ਨੇ ਤੁਰੰਤ ਜੰਗਬੰਦੀ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਸੀਰੀਆ ਦੀ ਫੌਜ ਨੂੰ ਰੂਸ ਦੀ ਸਿੱਧੀ ਸਹਾਇਤਾ ਹੈ ਅਤੇ ਉਹ ਮਿਲ ਕੇ ਇਦਲੀਬ ਵਿੱਚ ਤੁਰਕੀ ਸਮਰਥਤ ਬਾਗੀਆਂ ਉੱਤੇ ਹਮਲਾ ਕਰ ਰਹੇ ਹਨ। ਇਨ੍ਹਾਂ ਵਿਦਰੋਹੀਆਂ ਨੇ ਇਦਲੀਬ ਪ੍ਰਾਂਤ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕਰ ਲਿਆ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ-ਤਾਲਿਬਾਨ 'ਚ ਅੱਜ ਹੋਣਗੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ
ਮੌਜੂਦਾ ਹਵਾਈ ਹਮਲੇ ਤੋਂ ਤੁਰੰਤ ਬਾਅਦ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਅਰਦੋਗਨ ਨੇ ਅੰਕਾਰਾ ਵਿੱਚ ਤੁਰੰਤ ਉੱਚ ਪੱਧਰੀ ਬੈਠਕ ਬੁਲਾ ਕੇ ਜਵਾਬੀ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਤੁਰਕੀ ਫੌਜਾਂ ਨੇ ਸੀਰੀਆ ਵਿੱਚ ਸਰਕਾਰੀ ਠਿਕਾਣਿਆਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਹਾਲ ਹੀ ਵਿੱਚ ਤੁਰਕੀ ਦੁਆਰਾ ਇਦਲੀਬ ਨੂੰ ਭੇਜੀ ਹਜ਼ਾਰਾਂ ਫੌਜਾਂ ਵਿੱਚ ਇਹ ਉਸ ਉੱਤੇ ਪਹਿਲਾ ਵੱਡਾ ਹਮਲਾ ਹੈ। ਤੁਰਕੀ ਨੇ ਚੇਤਾਵਨੀ ਦਿੱਤੀ ਹੈ ਕਿ ਸੀਰੀਆ ਆਪਣੀਆਂ ਫੌਜਾਂ ਨੂੰ ਆਪਣੇ ਠਿਕਾਣਿਆਂ ਤੋਂ ਪਿੱਛੇ ਹਟ ਜਾਵੇ ਨਹੀਂ ਤਾਂ ਜਵਾਬੀ ਕਾਰਵਾਈ ਲਈ ਤਿਆਰ ਰਹਿਣ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਚਿੰਤਾ ਜ਼ਾਹਰ ਕੀਤੀ ਕਿ ਖਿੱਤੇ ਵਿੱਚ ਖ਼ਤਰਾ ਹੋਰ ਵੀ ਵੱਧ ਸਕਦਾ ਹੈ।