ਕਾਬੁਲ: ਅਫਗਾਨਿਸਤਾਨ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਇੱਕ ਸਮੂਹਿਕ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖ਼ਬਰ ਦੇ ਅਨੁਸਾਰ, ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨੂੰ ਕਾਬੁਲ ਵਿੱਚ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਹਾਮਿਦ ਕਰਜਈ ਦੀ ਨਜ਼ਰਬੰਦੀ ਕਰਨ ਤੋਂ ਇਲਾਵਾ, ਕੌਮੀ ਸੁਲ੍ਹਾ ਲਈ ਬਣੇ ਉੱਚ ਕੌਂਸਲ(High Council for National Reconciliation) ਦੇ ਮੁਖੀ ਅਬਦੁੱਲਾ ਅਬਦੁੱਲਾ ਨੂੰ ਵੀ ਨਜ਼ਰਬੰਦ ਕੀਤਾ ਗਿਆ ਹੈ।
ਸੀਐਨਐਨ ਨੇ ਵੀਰਵਾਰ ਨੂੰ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਕਰਜਈ ਅਤੇ ਅਬਦੁੱਲਾ ਅਬਦੁੱਲਾ ਦੀਆਂ ਸੁਰੱਖਿਆ ਟੀਮਾਂ ਨੂੰ ਹਟਾਉਣ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਵਿੱਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
ਰਿਪੋਰਟ ਅਨੁਸਾਰ ਤਾਲਿਬਾਨ ਵੱਲੋਂ ਇਨ੍ਹਾਂ ਲੀਡਰਾਂ ਦੀਆਂ ਕਾਰਾਂ ਵੀ ਜ਼ਬਤ(confiscated cars) ਕਰ ਲਈਆਂ ਗਈਆਂ ਹਨ। ਰਿਪੋਰਟਾਂ ਅਨੁਸਾਰ ਅਫਗਾਨ ਲੀਡਰ ਹਮਲਾਵਰ ਦਿਖ ਰਹੇ ਤਾਲਿਬਾਨ ਸਮੂਹ ਦੇ ਰਹਿਮ 'ਤੇ ਹਨ। ਤਾਲਿਬਾਨ ਨੇ ਬੁੱਧਵਾਰ ਨੂੰ ਅਬਦੁੱਲਾ ਦੇ ਘਰ ਦੀ ਤਲਾਸ਼ੀ ਵੀ ਲਈ।
ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਇੱਕ ਸਮੂਹਿਕ ਸਰਕਾਰ ਬਣਾਉਣ ਦਾ ਵਾਅਦਾ ਕੀਤਾ ਹੈ। ਰਿਪੋਰਟ ਅਨੁਸਾਰ ਇਸ ਸਮੂਹ ਨੇ ਸਾਬਕਾ ਰਾਸ਼ਟਰਪਤੀ ਕਰਜਈ ਅਤੇ ਸਾਬਕਾ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਨਾਲ ਗੱਲਬਾਤ ਕੀਤੀ ਹੈ। ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਦੋਵੇਂ ਕਾਬੁਲ ਵਿੱਚ ਰਹੇ।
ਕਿਸੇ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਤਾਲਿਬਾਨ ਦੋਵਾਂ ਨੇਤਾਵਾਂ ਨਾਲ ਕਿਵੇਂ ਪੇਸ਼ ਆਵੇਗਾ।
ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਨੇ ਪਿਛਲੇ ਹਫਤੇ ਹੀ ਕਿਹਾ ਸੀ ਕਿ ਉਹ ਅਫਗਾਨਿਸਤਾਨ ਵਿੱਚ ਇੱਕ ਸ਼ਮੂਲੀਅਤ ਵਾਲੀ ਸਰਕਾਰ ਚਾਹੁੰਦਾ ਹੈ।
ਇਸ ਦੌਰਾਨ ਇੱਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾ ਮੁਜਾਹਿਦ ਨੇ ਕਿਹਾ ਕਿ ਉਹ ਪਾਕਿਸਤਾਨ ਨੂੰ ਆਪਣਾ ਦੂਜਾ ਘਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਸੱਤਾ ਹਥਿਆਉਣ ਵਿੱਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਹੈ।
ਭਾਰਤ ਬਾਰੇ ਤਾਲਿਬਾਨ ਨੇ ਕਿਹਾ ਕਿ ਉਹ ਖੁੱਲ੍ਹੇ ਮਨ ਨਾਲ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਵੱਡਾ ਦੇਸ਼ ਹੈ ਅਤੇ ਅਸੀਂ ਉਨ੍ਹਾਂ ਨਾਲ ਚੰਗੇ ਸੰਬੰਧ ਰੱਖਣਾ ਚਾਹੁੰਦੇ ਹਾਂ।
ਤਾਲਿਬਾਨ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਕਿਸੇ ਵੀ ਅੱਤਵਾਦੀ ਸਰਗਰਮੀ ਲਈ ਨਹੀਂ ਕਰਨ ਦੇਵੇਗਾ।
ਕਸ਼ਮੀਰ ਬਾਰੇ ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੋਵੇਂ ਦੇਸ਼ ਭਾਵ ਭਾਰਤ ਅਤੇ ਪਾਕਿਸਤਾਨ ਮਿਲ ਕੇ ਇਸ ਮਸਲੇ ਦਾ ਹੱਲ ਕਰਨ।