ਇਸਲਾਮਾਬਾਦ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (ਪੀਆਈਏ) ਦਾ ਇੱਕ ਜਹਾਜ਼ ਕਰੀਬ ਚਾਰ ਸਾਲ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਦੀ ਜਾਂਚ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਵਿੱਚ ਏਅਰ ਲਾਈਨ ਦੇ ਇੰਜੀਨੀਅਰਾਂ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇੱਕ ਮੀਡੀਆ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ ਤਿੰਨ ਤਕਨੀਕੀ ਵਿਗਾੜ ਸਨ ਅਤੇ ਪੀਆਈਏ ਇੰਜੀਨੀਅਰ ਇਸ ਲਈ ਜ਼ਿੰਮੇਵਾਰ ਸਨ।
ਪੀਆਈਏ ਦਾ ਜਹਾਜ਼ 7 ਦਸੰਬਰ, 2016 ਨੂੰ ਖੈਬਰ-ਪਖਤੂਨਖਵਾ ਸੂਬੇ ਵਿੱਚ ਹਾਦਸਾਗ੍ਰਸਤ ਹੋ ਗਿਆ ਸੀ, ਹਾਦਸੇ ਵਿੱਚ ਜਹਾਜ਼ 'ਚ ਸਵਾਰ ਸਾਰੇ 47 ਲੋਕਾਂ ਦੀ ਮੌਤ ਹੋ ਗਈ ਸੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਏਅਰ ਐਕਸੀਡੈਂਟ ਐਂਡ ਇਨਵੈਸਟੀਗੇਸ਼ਨ ਬੋਰਡ (ਏ.ਏ.ਆਈ.ਬੀ.) ਨੇ ਹਾਦਸੇ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਦੱਸਿਆ ਹੈ ਕਿ ਇਸ ਜਹਾਜ਼ ਵਿੱਚ ਤਿੰਨ ਤਕਨੀਕੀ ਵਿਗਾੜ ਸਨ ਅਤੇ ਇਸ ਦੇ ਲਈ ਏਅਰ ਲਾਈਨ ਦੇ ਇੰਜੀਨੀਅਰ ਜ਼ਿੰਮੇਵਾਰ ਸਨ।
ਬੋਰਡ ਦੇ ਪ੍ਰਮੁੱਖ ਏਅਰ ਕਮੋਡੋਰ ਓਸਮਾਨ ਗਨੀ ਨੇ ਵੀਰਵਾਰ ਨੂੰ ਸਿੰਧ ਹਾਈ ਕੋਰਟ ਨੂੰ ਇਹ ਰਿਪੋਰਟ ਸੌਂਪ ਦਿੱਤੀ।