ਵਾਸ਼ਿੰਗਟਨ: ਕੋਰੋਨਾ ਵਾਇਰਸ ਮਹਾਂਮਾਰੀ ਉੱਤੇ ਕੰਮ ਕਰ ਰਹੇ ਵਿਸ਼ਵ ਸਿਹਤ ਸੰਗਠਨ, ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ, ਗੇਟਸ ਫਾਉਂਡੇਸ਼ਨ ਅਤੇ ਹੋਰ ਸੰਸਥਾਵਾਂ ਦਾ ਡਿਜੀਟਲ ਡਾਟਾ ਹੈਕ ਹੋ ਗਿਆ ਹੈ। ਇਸ ਦੇ ਹਜ਼ਾਰਾਂ ਈਮੇਲ, ਪਾਸਵਰਡ ਅਤੇ ਦਸਤਾਵੇਜ਼ ਆਨਲਾਈਨ ਲੀਕ ਹੋ ਗਏ ਹਨ।
ਅੱਤਵਾਦੀ ਸਮੂਹਾਂ ਦੀ ਆਨਲਾਈਨ ਨਿਗਰਾਨੀ ਕਰਨ ਵਾਲੇ ਐਸਆਈਟੀਈ ਇੰਟੈਲੀਜੈਂਸ ਗਰੁੱਪ ਮੁਤਾਬਕ ਹੈਕਰਸ ਨੇ ਸਮੂਹਾਂ ਦੇ ਤਕਰੀਬਨ 25,000 ਈਮੇਲ ਪਤੇ ਅਤੇ ਉਨ੍ਹਾਂ ਦੇ ਪਾਸਵਰਡ ਸਾਂਝੇ ਕੀਤੇ ਹਨ ਜੋ ਵਿਸ਼ਵਵਿਆਪੀ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਹੋ ਕੇ ਕੰਮ ਕਰ ਰਹੇ ਸਨ।
ਦਸਤਾਵੇਜ਼ਾਂ, ਈਮੇਲਾਂ ਅਤੇ ਉਨ੍ਹਾਂ ਦੇ ਪਾਸਵਰਡਾਂ ਦੇ ਬਹੁਤ ਸਾਰੇ ਸਕਰੀਨਸ਼ਾਟ ਟਵਿੱਟਰ 'ਤੇ ਵੀ ਪੋਸਟ ਕੀਤੇ ਗਏ ਸਨ। ਦੱਸ ਦਈਏ ਕਿ ਐਤਵਾਰ ਅਤੇ ਸੋਮਵਾਰ ਨੂੰ ਡਾਟਾ ਲੀਕ ਹੋਇਆ ਸੀ।
ਇਹ ਵੀ ਪੜ੍ਹੋ: ਨਿਯੂਜ਼ੀਲੈਂਡ ਕੋਲ ਇਸ ਮਹਾਂਮਾਰੀ ਦੇ ਨਾਲ ਨਜਿੱਠਣ ਲਈ ਇੱਕ ਰਣਨੀਤਕ ਜਵਾਬ ਹੈ
ਮੈਰੀਲੈਂਡ ਸਥਿਤ ਐਸਆਈਟੀਈ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਆਨਲਾਈਨ ਪੋਸਟ ਕੀਤੇ ਗਏ 9,938 ਈਮੇਲ ਅਤੇ ਪਾਸਵਰਡਾਂ ਨਾਲ ਹੈਕਿੰਗ ਦਾ ਸਭ ਤੋਂ ਵੱਡਾ ਸ਼ਿਕਾਰ ਹੋਇਆ ਹੈ। ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੇ ਤਕਰੀਬਨ 6,857 ਈਮੇਲ ਅਤੇ ਪਾਸਵਰਡ, ਵਿਸ਼ਵ ਬੈਂਕ ਦੇ 5,120 ਅਤੇ WHO ਦੇ 2,732 ਵੀ ਲੀਕ ਹੋਏ ਸਨ।