ਤਹਿਰਾਨ: ਅਮਰੀਕਾ ਨੇ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜ਼ਰੀਫ ਨੂੰ ਆਗਾਮੀ ਸੰਯੁਕਤ ਰਾਸ਼ਟਰ ਸੁੱਰਖਿਆ ਪਰੀਸ਼ਦ ਦੀ ਬੈਠਕ ਵਿੱਚ ਸ਼ਾਮਲ ਹੋਣ ਲਈ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਰੀਫ ਦੇ ਮੰਤਰਾਲੇ ਨੇ ਕਈ ਹਫ਼ਤੇ ਪਹਿਲਾਂ ਹੀ ਵੀਰਵਾਰ ਨੂੰ ਹੋਣ ਵਾਲੀ ਬੈਠਕ ਵਿੱਚ ਹਿੱਸਾ ਲੈਣ ਲਈ ਵੀਜ਼ਾ ਮੰਗਿਆ ਸੀ। ਜ਼ਰੀਫ਼ ਨੇ ਅਮਰੀਕੀ ਅਧਿਕਾਰੀਆਂ ਦੇ ਝੂਠੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਕੋਲ ਅਰਜ਼ੀ 'ਤੇ ਕਾਰਵਾਈ ਕਰਨ ਲਈ ਸਮਾਂ ਨਹੀਂ ਹੈ।
ਜ਼ਰੀਫ਼ ਨੇ ਕਿਹਾ ਕਿ ”ਅਮਰੀਕਨ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਡੀ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਮੰਗ ਜਨਰਲ ਸੁਲੇਮਾਨੀ ਦੀ ਹੱਤਿਆ ਤੋਂ ਬਾਅਦ ਰੱਖੀ ਗਈ ਸੀ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨੂੰ ਕਿਹਾ ਹੈ ਕਿ ਉਹ ਸਮੇਂ ਦੀ ਘਾਟ ਕਾਰਨ ਵੀਜ਼ਾ ਜਾਰੀ ਨਹੀਂ ਕਰ ਸਕਦੇ। ਜਦੋਂ ਕਿ ਇਹ ਬੇਨਤੀ ਕਈ ਹਫ਼ਤੇ ਪਹਿਲਾਂ ਹੀ ਭੇਜ ਦਿੱਤੀ ਗਈ ਸੀ।
”ਮੰਤਰੀ ਨੇ ਅੱਗੇ ਕਿਹਾ ਕਿ ਵਾਸ਼ਿੰਗਟਨ ਦਾ ਇਨਕਾਰ ਸੰਯੁਕਤ ਰਾਸ਼ਟਰ ਦੇ ਮੁੱਖ ਦਫ਼ਤਰ ਦੇ 1947 ਦੇ ਇੱਕ ਸਮਝੌਤੇ ਦੀਆਂ ਸ਼ਰਤਾਂ ਦੀ ਸਰਾਸਰ ਉਲੰਘਣਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਸੰਮੇਲਨ 'ਚ ਹਿੱਸਾ ਲੈਣ ਲਈ ਜ਼ਰੀਫ ਨੇ ਆਖ਼ਰੀ ਵਾਰ ਸਤੰਬਰ 2019 ਵਿੱਚ ਨਿਊ ਯਾਰਕ ਦੀ ਯਾਤਰਾ ਕੀਤੀ ਸੀ ਤੇ ਜਿਸ ਤੋਂ ਬਾਅਦ ਅਮਰੀਕਾ ਨੇ ਉਸ ਉੱਤੇ ਅਗਸਤ ਵਿੱਚ ਪਾਬੰਦੀਆਂ ਲਗਾਈਆਂ ਸਨ।