ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਸਕੱਤਰ ਐਂਟੋਨੀਓ ਗੁਟੇਰੇਸ਼ ਨੇ ਕਾਬੁਲ ’ਚ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ’ਚ ਨੌਂ ਲੋਕਾਂ ਦੀ ਮੌਤ ਅਤੇ 50 ਹੋਰਨਾਂ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ।
ਸਮਾਚਾਰ ਏਜੰਸੀ ਸਿੰਨੁਹਾ ਦੀ ਰਿਪੋਟਰ ਮੁਤਾਬਕ ਸਕੱਤਰ ਦੇ ਬੁਲਾਰੇ ਵਜੋਂ ਸਟੀਫਨ ਦੁਜਾਰਿਕ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ ਕਿ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਪੀੜ੍ਹਤ ਪਰਿਵਾਰਾਂ ਪ੍ਰਤੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜਖ਼ਮੀ ਦੇ ਜਲਦੀ ਸਿਹਤਯਾਬ ਹੋਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ।
ਐਂਟੋਨੀਓ ਗੁਟੇਰੇਸ਼ ਨੇ ਹਾਲਾਤਾਂ ਦੇ ਸੁਧਾਰਣ ਦੀ ਪ੍ਰਗਟਾਈ ਆਸ
ਅਫ਼ਗਾਨਿਸਤਾਨ ’ਚ ਹਿੰਸਾ ਨੂੰ ਖ਼ਤਮ ਕਰਨ ਨੂੰ ਲੈਕੇ ਸਕੱਤਰ ਐਂਟੋਨੀਓ ਗੁਟੇਰੇਸ਼ ਨੇ ਆਸ ਪ੍ਰਗਟਾਉਂਦਿਆ ਕਿਹਾ ਕਿ ਅਫ਼ਗਾਨਿਸਤਾਨ ਸਾਂਤੀ ਵਾਰਤਾ ਇਨ੍ਹਾਂ ਸੰਘਰਸ਼ਾਂ ਅਤੇ ਹਮਲਿਆਂ ਨੂੰ ਰੋਕ ਸਕਦੀ ਹੈ। ਸਯੁੰਕਤ ਰਾਸ਼ਟਰ ਪ੍ਰਮੁੱਕ ਨੇ ਜਾਰੀ ਕੀਤੇ ਬਿਆਨ ’ਚ ਕਿਹਾ ਆਉਣ ਵਾਲੇ 23 ਅਤੇ 24 ਨਵੰਬਰ ਨੂੰ ਅਫ਼ਗਾਨਿਸਤਾਨ, ਫ਼ਿਨਲੈਂਡ ਅਤੇ ਸਯੁੰਕਤ ਰਾਸ਼ਟਰ ਦੀ ਸਹਿ-ਮੇਜ਼ਬਾਨੀ ਦੁਆਰਾ ਆਯੋਜਿਤ ਹੋਣ ਵਾਲੇ ਅਫ਼ਗਾਨਿਸਤਾਨ ਸੰਮੇਲਨ ਦੇਸ਼ ਦੇ ਸ਼ਾਂਤੀਪੂਰਨ ਵਿਕਾਸ ਅਤੇ ਭਵਿੱਖ ਦੀ ਖੁਸ਼ਹਾਲੀ ਲਈ ਵੱਚਨਬੱਧਤਾ ਅਤੇ ਨਵੀਨੀਕਰਨ ਵਾਲਾ ਅਵਸਰ ਸਾਬਤ ਹੋ ਸਕਦਾ ਹੈ।
ਕਿਸੇ ਵੀ ਸੰਗਠਨ ਨੇ ਨਹੀਂ ਲਈ ਹਮਲੇ ਦੀ ਜ਼ਿੰਮੇਵਾਰੀ
ਦੱਸ ਦੇਈਏ, ਸ਼ਨੀਵਾਰ ਨੂੰ ਕਾਬੁਲ ’ਚ ਦੋ IED ਧਮਾਕੇ ਅਤੇ 23 ਰਾਕਟ ਹਮਲਿਆਂ ਦੌਰਾਨ ਨੌਂ ਲੋਕਾਂ ਦੀ ਮੌਤ ਅਤੇ 50 ਹੋਰ ਜਖ਼ਮੀ ਹੋਏ ਹਨ। ਹਾਲੇ ਵੀ ਕਾਬੁਲ ’ਚ ਹੋਏ ਰਾਕਟ ਹਮਲਿਆਂ ਦੀ ਜ਼ਿੰਮੇਦਾਰੀ ਕਿਸੇ ਵੀ ਸੰਗਠਨ ਨੇ ਨਹੀਂ ਲਈ ਹੈ। ਪਿਛਲੇ ਮਹੀਨਿਆਂ ਦੌਰਾਨ ਅਫ਼ਗਾਨ ਦੇ ਵੱਡੇ ਸ਼ਹਿਰਾਂ ’ਚ ਤਾਲਿਬਾਨ ਵਿਦ੍ਰੋਹੀਆਂ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਕਈ ਹਮਲਿਆਂ ਨੂੰ ਅੰਜ਼ਾਮ ਦਿੱਤਾ ਹੈ।