ਵਾਸ਼ਿੰਗਟਨ: ਨਾਸਾ ਦੇ 2 ਪੁਲਾੜ ਯਾਤਰੀਆਂ ਵਾਲੇ ਸਪੇਸਐਕਸ ਰਾਕੇਟ ਦੀ ਲਾਂਚਿੰਗ ਆਖ਼ਰੀ ਪਲ 'ਤੇ ਮੁਲਤਵੀ ਕਰ ਦਿੱਤੀ ਗਈ। ਖ਼ਰਾਬ ਮੌਸਮ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਜੇਕਰ ਮੌਸਮ ਸਾਫ਼ ਹੋ ਜਾਂਦਾ ਤਾਂ ਇਹ ਕੈਨੇਡੀ ਸਪੇਸ ਸੈਂਟਰ ਵਿਖੇ ਸ਼ਾਮ 4:30 ਵਜੇ (20:33 GMT) ਲਾਂਚ ਪੈਡ 39A ਤੋਂ ਉਡਾਣ ਭਰਦਾ। ਇਹ ਉਹੀ ਥਾਂ ਤੋਂ ਉਡਾਣ ਭਰਦਾ ਜਿੱਥੋਂ ਨੀਲ ਆਰਮਸਟ੍ਰਾਂਗ ਅਤੇ ਉਸ ਦਾ ਅਪੋਲੋ ਚਾਲਕ ਆਪਣੀ ਇਤਿਹਾਸਕ ਯਾਤਰਾ ਲਈ ਚੰਦਰਮਾ ਲਈ ਰਵਾਨਾ ਹੋਏ ਸਨ।
ਇਸ ਮਿਸ਼ਨ ਦੇ ਲਾਂਚ ਤੋਂ 20 ਮਿੰਟ ਪਹਿਲਾਂ ਇਸ ਨੂੰ ਰੋਕਣ 'ਤੇ ਲਾਂਚ ਡਾਇਰੈਕਟਰ ਮਾਈਕ ਟੇਲਰ ਨੇ ਕਿਹਾ ਕਿ ਬਦਕਿਸਮਤੀ ਨਾਲ ਅਸੀਂ ਅੱਜ ਲਾਂਚ ਨਹੀਂ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਸ਼ਨੀਵਾਰ ਨੂੰ ਇਹ ਮਿਸ਼ਨ ਇੱਕ ਵਾਰ ਫਿਰ ਤੋਂ ਲਾਂਚ ਕੀਤਾ ਜਾਵੇਗਾ। ਜੇ ਇਹ ਸਫ਼ਲ ਹੁੰਦਾ ਹੈ ਤਾਂ ਇਹ ਦੁਨੀਆ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਨਿੱਜੀ ਕੰਪਨੀ ਨੇ ਅਜਿਹਾ ਲਾਂਚ ਕੀਤਾ ਹੈ। ਇਹ ਉਹ ਚੀਜ਼ ਹੈ ਜੋ ਸਿਰਫ ਰੂਸ, ਅਮਰੀਕਾ ਅਤੇ ਚੀਨ ਹੀ ਹੁਣ ਤੱਕ ਕਰ ਸਕੇ ਹਨ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਲੋਕਾਂ ਦੀ ਅਗਵਾਈ ਕਰਨ ਵਾਲੇ ਸ੍ਰੀ ਲੰਕਾ ਦੇ ਨੇਤਾ ਦਾ ਹੋਇਆ ਦੇਹਾਂਤ
ਦੱਸ ਦੇਈਏ ਕਿ ਸਪੇਸ ਐਕਸ ਰਾਕੇਟ ਨਾਸਾ ਦੇ ਪਾਇਲਟ ਡੱਗ ਹਰਲੀ ਅਤੇ ਬੌਬ ਬੇਨਕੇਨ ਦੇ ਨਾਲ ਬੁੱਧਵਾਰ ਦੁਪਹਿਰ ਕੈਨੇਡੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਉਡਾਣ ਭਰਨ ਵਾਲਾ ਸੀ। ਇਹ ਪਹਿਲਾ ਮੌਕਾ ਹੈ ਜਦੋਂ ਕੋਈ ਸਰਕਾਰ ਦੀ ਥਾਂ ਕੋਈ ਨਿੱਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਪੁਲਾੜ ਭੇਜ ਰਹੀ ਹੈ।