ਵਾਸ਼ਿੰਗਟਨ: ਅਮਰੀਕਾ ਵਿੱਚ ਪਿਛਲੇ ਦੋ ਦਹਾਕਿਆਂ ਤੋਂ ਰਹਿੰਦੇ ਸਿੱਖਾਂ ਵੱਲੋਂ ਮਰਦਮਸ਼ੁਮਾਰੀ 'ਚ ਵੱਖਰੇ ਜਾਤੀ ਸਮੂਹ ਦੀ ਮੰਗ ਨੂੰ ਹੁਣ ਮਨਜੂਰੀ ਦੇ ਦਿੱਤੀ ਗਈ ਹੈ। ਅਮਰੀਕਾ 'ਚ ਹੁਣ 2020 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਗਿਣਤੀ ਵੱਖਰੀ ਜਾਤੀ ਸਮੂਹ ਵਜੋਂ ਕੀਤੀ ਜਾਵੇਗੀ। ਸਿੱਖਾਂ ਦੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਮੀਲ ਦਾ ਪੱਥਰ ਕਰਾਰ ਦਿੱਤਾ ਹੈ।
ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ 'ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ 'ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ।
ਸੈਨ ਡਿਆਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀਆਂ ਕੋਸ਼ਿਸ਼ਾਂ ਦਾ ਫਲ ਮਿਲਿਆ ਹੈ। ਇਸ ਨਾਲ ਅਮਰੀਕਾ 'ਚ ਸਿਰਫ਼ ਸਿੱਖਾਂ ਲਈ ਹੀ ਨਹੀਂ, ਹੋਰ ਘੱਟ ਗਿਣਤੀ ਜਾਤੀ ਸਮੂਹਾਂ ਦੀ ਵੱਖਰੀ ਗਿਣਤੀ ਦਾ ਰਸਤਾ ਖੁੱਲ੍ਹੇਗਾ। ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਯੂਨਾਈਟਿਡ ਸੰਗਠਨ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ 'ਚ ਘੱਟ ਗਿਣਤੀ ਸਮੂਹ ਦੀ ਵੱਖਰੇ ਤੌਰ 'ਤੇ ਗਿਣਤੀ ਕੀਤੀ ਜਾਵੇਗੀ ਤੇ ਉਸ ਨੂੰ ਅਲੱਗ ਕੋਡ ਮਿਲੇਗਾ। ਯੂਨਾਈਟਿਡ ਸਿੱਖ ਦੇ ਨੁਮਾਇੰਦਿਆਂ ਦੀ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰੀ ਬੈਠਕਾਂ ਹੋਈਆਂ ਸਨ। ਨਵੀਂ ਬੈਠਕ ਛੇ ਜਨਵਰੀ ਨੂੰ ਸੈਨ ਡਿਆਗੋ 'ਚ ਹੋਈ ਸੀ।
ਅਮਰੀਕਾ 'ਚ ਰਹਿ ਰਹੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ ਤੇ ਉਨ੍ਹਾਂ ਨੇ ਅਮਰੀਕੀ ਫੈਡਰਲ ਰਜਿਸਟਰ 'ਚ ਵੀ ਕਮੈਂਟਰੀ ਦਾਇਰ ਕੀਤੀ ਸੀ ਜਿਸ ਵਿਚ ਸਿੱਖਾਂ ਨੂੰ ਵੱਖਰੇ ਜਾਤੀ ਸਮੂਹ ਵਜੋਂ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ। ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ 'ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ 'ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ।