ਹੈਦਰਾਬਾਦ: ਅਮਰੀਕਾ ਵਿੱਚ ਕੋਰੋਨਾ ਦਾ ਇੱਕ ਨਵਾਂ ਰੂਪ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ (OMICRON IS SPREADING RAPIDLY IN AMERICA) ਹੈ। ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਅਮਰੀਕਾ ਵਿੱਚ ਕੋਵਿਡ ਦੇ 73.2 ਪ੍ਰਤੀਸ਼ਤ ਨਵੇਂ ਕੇਸਾਂ ਵਿੱਚ ਓਮੀਕਰੋਨ ਵੇਰੀਐਂਟ ਦਾ ਯੋਗਦਾਨ ਹੈ। ਓਮੀਕਰੋਨ ਪ੍ਰਸ਼ਾਂਤ ਉੱਤਰੀ-ਪੱਛਮੀ, ਦੱਖਣ ਅਤੇ ਮੱਧ-ਪੱਛਮ ਵਿੱਚ ਤੇਜ਼ੀ ਨਾਲ ਫੈਲਿਆ ਹੈ। ਇਨ੍ਹਾਂ ਖੇਤਰਾਂ ਵਿੱਚ ਕੋਰੋਨਾ ਸੰਕਰਮਣ ਦੇ 90 ਪ੍ਰਤੀਸ਼ਤ ਤੋਂ ਵੱਧ ਕੇਸ ਓਮੀਕਰੋਨ ਵੇਰੀਐਂਟ ਦੇ ਹਨ। ਸੀਡੀਸੀ ਦੇ ਅਨੁਸਾਰ, ਯੂਐਸ ਵਿੱਚ ਸਿਰਫ ਇੱਕ ਹਫ਼ਤੇ ਵਿੱਚ ਓਮੀਕਰੋਨ ਦੇ ਮਾਮਲਿਆਂ ਵਿੱਚ 6 ਗੁਣਾ ਵਾਧਾ ਹੋਇਆ ਹੈ।
ਇਹ ਵੀ ਪੜੋ: ਬ੍ਰਿਟੇਨ ਵਿੱਚ ਓਮਿਕਰੋਨ ਦਾ ਕਹਿਰ, ਇਕ ਦਿਨ 'ਚ 12,133 ਮਾਮਲੇ ਆਏ ਸਾਹਮਣੇ
ਪਿਛਲੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦਾ ਇੱਕ ਕਰਮਚਾਰੀ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਵ੍ਹਾਈਟ ਹਾਊਸ ਦੇ ਬੁਲਾਰੇ ਮੁਤਾਬਕ ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦੀ ਵੀ ਜਾਂਚ ਕੀਤੀ ਗਈ ਤਾਂ ਉਹ ਨੈਗੇਟਿਵ ਪਾਏ ਗਏ। ਅਮਰੀਕਾ ਵਿੱਚ ਓਮੀਕਰੋਨ ਵੇਰੀਐਂਟ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ, ਜੋ ਬਿਡੇਨ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਦੇਸ਼ ਵਿੱਚ ਅਜੇ ਲਾਕਡਾਊਨ ਨਹੀਂ ਲਗਾਇਆ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਦੇਸ਼ ਵਿਚ ਟੀਕਾਕਰਨ ਵਿਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਟੈਸਟਿੰਗ ਨੂੰ ਵੀ ਵਧਾਇਆ ਜਾ ਰਿਹਾ ਹੈ ਤਾਂ ਜੋ ਇਨਫੈਕਸ਼ਨ ਨੂੰ ਫੈਲਣ ਤੋਂ ਕੁਝ ਹੱਦ ਤੱਕ ਰੋਕਿਆ ਜਾ ਸਕੇ। ਲੋਕਾਂ ਨੂੰ ਟੀਕਾਕਰਨ ਦੇ ਫਾਇਦੇ ਦੱਸੇ ਜਾ ਰਹੇ ਹਨ। ਕੁਝ ਲੋਕ ਅਜੇ ਵੀ ਵੈਕਸੀਨ ਲੈਣ ਤੋਂ ਝਿਜਕ ਰਹੇ ਹਨ, ਜਿਸ ਨਾਲ ਦੇਸ਼ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਜੇਕਰ ਮਾਮਲੇ ਵਧਦੇ ਹਨ, ਤਾਂ ਅਮਰੀਕਾ ਵਿੱਚ ਸਖ਼ਤ ਪਾਬੰਦੀਆਂ ਦੁਬਾਰਾ ਲਗਾਈਆਂ ਜਾ ਸਕਦੀਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਓਮੀਕਰੋਨ ਦੁਨੀਆ ਦੇ 90 ਦੇਸ਼ਾਂ ਤੱਕ ਪਹੁੰਚ ਚੁੱਕੀ ਹੈ। WHO ਨੇ ਇਸ ਨੂੰ ਚਿੰਤਾ ਦਾ ਰੂਪ ਦੱਸਿਆ ਹੈ। ਭਾਰਤ ਵਿੱਚ, ਓਮੀਕਰੋਨ ਦੇ 174 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਭਾਰਤ ਸਮੇਤ ਸਾਰੇ ਦੇਸ਼ਾਂ ਵਿੱਚ ਬੂਸਟਰ ਡੋਜ਼ ਦੀ ਮੰਗ ਹੈ। ਮੰਨਿਆ ਜਾ ਰਿਹਾ ਹੈ ਕਿ ਬੂਸਟਰ ਡੋਜ਼ ਤੋਂ ਬਾਅਦ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਮਾਹਰ ਡਰ ਰਹੇ ਹਨ ਕਿ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਇਮਿਊਨਿਟੀ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਵੀ ਪੜੋ: ਕੋੋਰੋਨਾ ਪਾਬੰਦੀਆਂ ਦੇ ਵਿਰੋਧ ਦੌਰਾਨ ਬ੍ਰਿਟੇਨ ਦੇ ਬ੍ਰੈਕਜਿਟ ਮੰਤਰੀ ਨੇ ਦਿੱਤਾ ਅਸਤੀਫਾ