ਸਨ ਫ੍ਰਾਂਸਸਿਸਕੋ: ਟੇਸਲਾ ਕੰਪਨੀ ਦੇ ਪ੍ਰਮੁੱਖ ਐਲਨ ਮਸਕ, ਮਾਈਕ੍ਰੋਸਾਫ਼ਟ ਦੇ ਸਹਿ-ਸੰਸਥਾਪਕ ਬਿੱਲ ਗੇਟਜ਼ ਨੂੰ ਪਛਾੜ ਕੇ ਦੁਨੀਆਂ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਨੀਅਰ ਇੰਡੈਕਸ ਨੇ ਸੋਮਵਾਰ ਨੂੰ ਮਸਕ ਨੂੰ 127.9 ਅਰਬ ਡਾਲਰ ਦੀ ਕੁੱਲ ਸੰਪਤੀ ਦੇ ਨਾਲ ਪਹਿਲੀ ਵਾਰ ਅਮੀਰਾਂ ਦੀ ਸ਼੍ਰੇਣੀ ’ਚ ਬਿੱਲ ਗੇਟਜ਼ ਤੋਂ ਉੱਪਰ ਰੱਖਿਆ, ਜਿਨ੍ਹਾਂ ਦੀ ਕੁੱਲ ਸੰਪਤੀ 127.7 ਅਰਬ ਡਾਲਰ ਦੱਸੀ ਜਾ ਰਹੀ ਹੈ।
49 ਸਾਲਾਂ ਦੇ ਇਸ ਕਾਰੋਬਾਰੀ ਨੇ ਜਨਵਰੀ, 2020 ਤੋਂ ਬਾਅਦ ਆਪਣੀ ਨੈਟਵਰਥ ’ਚ 100 ਅਰਬ ਡਾਲਰਾਂ ਤੋਂ ਜ਼ਿਆਦਾ ਦਾ ਇਜ਼ਾਫਾ ਕੀਤਾ ਹੈ, ਜੋ ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਅਮੀਰ 500 ਵਿਅਕਤੀਆਂ ਦੀ ਸੂਚੀ ’ਚ ਸਭ ਤੋਂ ਉੱਪਰ ਲੈ ਜਾ ਰਿਹਾ ਹੈ।
ਮਸਕ ਦੀ ਕੁੱਲ ਸੰਪਤੀ ’ਚ ਇਸ ਲਈ ਉਛਾਲ ਦੇਖਣ ਨੂੰ ਮਿਲਿਆ ਹੈ, ਕਿਉਂ ਕਿ ਇਲੈਕਟ੍ਰਿਕ ਕਾਰ ਨਿਰਮਾਣ ਕੰਪਨੀ ਟੇਸਲਾ ਦੇ ਸ਼ੇਅਰਾਂ ’ਚ ਇਜ਼ਾਫਾ ਹੋਇਆ ਹੈ ਅਤੇ ਸੋਮਵਾਰ ਨੂੰ ਇਸ ਬਜ਼ਾਰ ਪੂੰਜੀ 500 ਅਰਬ ਡਾਲਰ ਦੇ ਕਰੀਬ ਪਹੁੰਚ ਚੁੱਕੀ ਹੈ।
ਹਾਲਾਂਕਿ, ਮਸਕ ਅਤੇ ਗੇਟਜ਼ ਵਿਚਾਲੇ ਇਸ ਦੌਰਾਨ ਜ਼ਿਆਦਾ ਅੰਤਰ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ’ਚ ਇਨ੍ਹਾਂ ਸਥਾਨਾਂ ’ਚ ਵੀ ਬਦਲਾਓ ਵੇਖਣ ਨੂੰ ਮਿਲੇ।
ਐਮਾਜ਼ੌਨ ਦੇ ਸੀਈਓ ਜੇਫ ਬੇਜੋਸ ਇਸ ਸੂਚੀ ’ਚ ਨੈਟਵਰਥ 182 ਅਰਬ ਡਾਲਰ ਨਾਲ ਪਹਿਲੇ ਸਥਾਨ ’ਤੇ ਕਾਇਮ ਹਨ।