ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦੀ ਉਡੀਕ ਕਰ ਰਹੇ ਹਨ, ਜਿਥੇ ਲੱਖਾਂ ਲੋਕ ਉਨ੍ਹਾਂ ਦਾ ਸਵਾਗਤ ਕਰਨਗੇ।
ਟਰੰਪ ਨੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਮੈਂ ਭਾਰਤ ਜਾਣ ਲਈ ਉਤਸਾਹਿਤ ਹਾਂ।” ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਬਹੁਤ ਚੰਗੇ ਦੋਸਤ ਹਨ, ਇਸ ਲਈ ਅਸੀਂ ਇਸ ਮਹਿਨੇ ਦੇ ਆਖ਼ਿਰ 'ਚ ਭਾਰਤ ਜਾਵਾਂਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵ੍ਹਾਈਟ ਹਾਉਸ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦਾ ਦੌਰਾ ਕਰਨਗੇ। ਵ੍ਹਾਈਟ ਹਾਉਸ ਨੇ ਟਵੀਟ ਵਿੱਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ 24-25 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਭਾਰਤ ਆਉਣਗੇ। ਇਹ ਮੁਲਾਕਾਤ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਅਮਰੀਕੀ ਅਤੇ ਭਾਰਤੀ ਲੋਕਾਂ ਦਰਮਿਆਨ ਮਜ਼ਬੂਤ ਅਤੇ ਸਥਾਈ ਸਾਂਝ ਦਾ ਖੁਲਾਸਾ ਕਰੇਗੀ।
16 ਜਨਵਰੀ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੀ ਪ੍ਰਸਤਾਵਿਤ ਯਾਤਰਾ ਦੇ ਸਬੰਧ ਵਿੱਚ ਕੂਟਨੀਤਕ ਚੈਨਲਾਂ ਰਾਹੀਂ ਭਾਰਤ ਅਤੇ ਸੰਯੁਕਤ ਰਾਜ ਸੰਪਰਕ ਵਿੱਚ ਸਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਨਵੀਂ ਦਿੱਲੀ ਵਿੱਚ ਕਿਹਾ, “ਕਈ ਮਹੀਨਿਆਂ ਤੋਂ ਇਸ ਬਾਰੇ ਅਟਕਲਾਂ ਚੱਲ ਰਹੀਆਂ ਹਨ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਟਰੰਪ ਨੂੰ ਭਾਰਤ ਬੁਲਾਇਆ। ਦੋਵੇਂ ਦੇਸ਼ ਇਸ ਬਾਰੇ ਸੰਪਰਕ ਕਰ ਰਹੇ ਹਨ, ਜਦੋਂ ਸਾਨੂੰ ਕੋਈ ਠੋਸ ਜਾਣਕਾਰੀ ਮਿਲੇਗੀ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ।"