ਲੰਡਨ: ਇਰਾਕ ਵਿੱਚ ਅੱਤਵਾਦੀ ਸੰਗਠਨ ਆਈਐੱਸ ਮੁੜ ਤੋਂ ਸਰਗਰਮ ਹੋਣ ਦੀ ਫ਼ਿਰਾਕ ਵਿੱਚ ਹੈ। ਕੁਰਦਿਸ਼ ਖ਼ੁਫ਼ੀਆ ਅਧਿਕਾਰੀਆਂ ਨੇ ਖਦਸ਼ਾਂ ਜਤਾਇਆ ਹੈ ਕਿ ਇਰਾਕ ਵਿੱਚ ਇਸ ਸਮੇਂ ਆਈਐੱਸ ਨਾਲ ਜੁੜੇ ਕਰੀਬ 10 ਹਜ਼ਾਰ ਲੋਕ ਹਨ।
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅੱਤਵਾਦੀ ਨਾ ਕੇਵਲ ਪਹਿਲੇ ਦੇ ਮੁਕਾਬਲੇ ਜ਼ਿਆਦਾ ਤਾਕਤਵਰ ਹਨ ਸਗੋਂ ਅਲਕਾਇਦਾ ਦੀ ਤੁਲਨਾ ਵਿੱਚ ਜ਼ਿਆਦਾ ਖ਼ਤਰਨਾਕ ਹੋ ਗਏ ਹਨ। ਉੱਤਰੀ ਇਰਾਕ ਦੇ ਕੁਰਦਿਸਤਾਨ ਖੇਤਰ ਦੀਆਂ ਪਹਾੜੀਆਂ ਵਿੱਚ ਫਿਰ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੇ ਆਈਐੱਸ ਕੋਲ ਹੁਣ ਨਾ ਕੇਵਲ ਬਿਹਤਰ ਤਕਨੀਕ ਅਤੇ ਰਣਨੀਤੀ ਹੈ ਇਸ ਦੇ ਨਾਲ ਹੀ ਉਨ੍ਹਾਂ ਕੋਲ ਪੈਸੇ ਵੀ ਬਹੁਤ ਹਨ ਜਿਨ੍ਹਾਂ ਨਾਲ ਉਹ ਗੱਡੀਆਂ, ਹਥਿਆਰ ਅਤੇ ਖਾਧ ਸਮੱਗਰੀ ਖ਼ਰੀਦਣ ਦੇ ਸਮਰੱਥ ਹਨ। ਇਰਾਕੀ ਕੁਰਦਿਸਤਾਨ ਦੀਆਂ ਦੋ ਖ਼ੁਫ਼ੀਆ ਏਜੰਸੀਆਂ ਵਿਚੋਂ ਇਕ ਜਾਯਰੀ ਏਜੰਸੀ ਦੇ ਮੁਖੀ ਤਾਲਾਬਾਨੀ ਨੇ ਕਿਹਾ ਕਿ ਇਸ ਵਾਰ ਇਕ ਅਲੱਗ ਤਰ੍ਹਾਂ ਦਾ ਆਈਐੱਸ ਦਿਸ ਰਿਹਾ ਹੈ। ਇਸ ਵਾਰ ਉਹ ਹਮਲੇ ਤੋਂ ਬਚਣ ਲਈ ਕਿਸੇ ਵੀ ਖੇਤਰ 'ਤੇ ਕੰਟਰੋਲ ਨਹੀਂ ਕਰ ਰਿਹਾ। ਇਸ ਦੀ ਥਾਂ ਇਰਾਕ ਦੇ ਹਮੀਰ ਪਰਬਤਮਾਲਾ ਇਲਾਕੇ ਵਿਚ ਕੱਟੜਪੰਥੀ ਰੂਪੋਸ਼ ਹੋ ਗਏ ਹਨ। ਇਹ ਥਾਂ ਇਸ ਸਮੇਂ ਆਈਐੱਸ ਦਾ ਗੜ੍ਹ ਹੈ। ਇਥੇ ਪਹਾੜਾਂ ਦੀ ਲੰਬੀ ਸ਼੍ਰੇਣੀ ਹੈ ਜਿਸ ਵਿੱਚ ਲੁੱਕਣ ਦੇ ਕਈ ਥਾਂ ਅਤੇ ਗੁਫ਼ਾਵਾਂ ਹਨ। ਇਨ੍ਹਾਂ ਵਿਚੋਂ ਚਾਰ ਤੋਂ ਪੰਜ ਹਜ਼ਾਰ ਲੜਾਕੇ ਹਨ ਜਦਕਿ ਏਨੀ ਗਿਣਤੀ ਵਿਚ ਸਲੀਪ ਸੈੱਲ ਅਤੇ ਉਸ ਨਾਲ ਹਮਦਰਦੀ ਰੱਖਣ ਵਾਲੇ ਲੋਕ ਹਨ।