ਵਾਸ਼ਿੰਗਟਨ: ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਨਾਲ ਲੜਾਈ ਵਿੱਚ ਭਾਰਤ ਅਮਰੀਕਾ ਅਤੇ ਇਜ਼ਰਾਈਲ ਸਮੇਤ ਹੋਰ ਦੇਸ਼ਾਂ ਦੇ ਨਾਲ ਖੜਾ ਹੈ।
ਅਮਰੀਕੀ ਯਹੂਦੀ ਕਮਿਸ਼ਨ ਨਾਲ ਗੱਲਬਾਤ ਦੌਰਾਨ ਸੰਧੂ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਦੋਸਤਾਂ ਨਾਲ ਸੰਪਰਕ ਵਿਚ ਹੈ ਅਤੇ ਮਦਦ ਲਈ ਤਿਆਰ ਹੈ। ਨਾਲ ਹੀ ਸੰਧੂ ਨੇ ਦੱਸਿਆ ਕਿ ਅਮਰੀਕਾ ਤੇ ਭਾਰਤ ਦੇ ਵਿੱਚ ਬਹੁਪੱਖੀ ਮਾਮਲਿਆਂ ਵਿੱਚ ਸਬੰਧ ਹਨ ਅਤੇ ਦੋਵੇਂ ਦੇਸ਼ ਗਲੋਬਲ ਰਣਨੀਤਕ ਹਿੱਸੇਦਾਰ ਵੀ ਹਨ।
ਸੰਧੂ ਨੇ ਕਿਹਾ, ''ਦਵਾਈਆਂ ਦੀ ਸਪਲਾਈ ਨੂੰ ਲੈ ਕੇ ਜਾਂ ਹੋਰ ਲੋੜਾਂ ਵਿੱਚ ਮਦਦ ਦੇ ਨਾਲ ਮਹਾਂਮਾਰੀ ਨਾਲ ਜੰਗ ਵਿੱਚ ਭਾਰਤ ਆਪਣੇ ਦੋਸਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ।''
ਕਮਿਸ਼ਨ ਨਾਲ ਗੱਲਬਾਤ ਦੌਰਾਨ ਸੰਧੂ ਨੇ ਅੱਗੇ ਕਿਹਾ ਕਿ ਭਾਰਤ ਨੇ ਹੁਣ ਕਾਫੀ ਹਦ ਤੱਕ ਕੋਵਿਡ-19 ਮਹਾਮਾਰੀ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਾਰੇ ਦੇਸ਼ ਵਿੱਚ ਲੌਕਡਾਊਨ ਲਾਗੂ ਕਰਨ ਲਈ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ।