ਬਰੈਂਪਟਨ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਇੱਕ ਸੜਕ ਦਾ ਨਾਂਅ ਗੁਰੂ ਸਾਹਿਬਾਨ ਦੇ ਨਾਂਅ 'ਤੇ ਰੱਖਿਆ ਗਿਆ ਹੈ। ਇਸ ਸੜਕ ਮਾਰਗ ਦਾ ਉਦਘਾਟਨ ਅੱਜ ਸਿੱਖ ਭਾਈਚਾਰੇ ਤੇ ਸਥਾਨਕ ਨਗਰ ਪਾਲਿਕਾ ਵੱਲੋਂ ਕੀਤਾ ਗਿਆ। ਇਸ ਸੜਕ ਦਾ ਨਾਂਅ ‘ਗੁਰੂ ਨਾਨਕ ਸਟ੍ਰੀਟ’ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਸੜਕ ਦਾ ਪਹਿਲਾ ਨਾਂਅ ਡਿਕਸੀ ਰੋਡ ਸੀ ਜਿਸ ਨੂੰ ਬਦਲ ਕੇ ਗੁਰੂ ਨਾਨਕ ਸਟ੍ਰੀਟ ਕੀਤਾ ਗਿਆ ਹੈ। ਇਸ ਉਦਘਾਟਨ ਸਮਾਰੋਹ ਮੌਕੇ ਕੈਨੇਡਾ 'ਚ ਰਹਿਣ ਵਾਲੇ ਪੰਜਾਬੀਆਂ ਨੇ ਭਾਰੀ ਗਿਣਤੀ 'ਚ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਕੈਨੇਡੀਅਨ ਮਹਾਂਨਗਰ ਟੋਰਾਂਟੋ ਦੇ ਉੱਪਨਗਰ ਬਰੈਂਪਟਨ ’ਚ ਗੁਰੂ ਸਾਹਿਬ ਦੇ ਨਾਂਅ ਦੀ ਸੜਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ।
ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜਕ ਦੇ ਵਿਚਕਾਰ ਪੀਟਰ ਰਾਬਰਟਸਨ ਬੂਲੇਵਾਰਡ ਦੇ ਸੈਕਸ਼ਨ ਨੂੰ ਗੁਰੂ ਸਾਹਿਬ ਦਾ ਨਾਂਅ ਬਖ਼ਸ਼ਿਆ ਜਾਣਾ ਹੈ। 550ਵੇਂ ਪ੍ਰਕਾਸ਼ ਪੁਰਬ ਮੌਕੇ ਬਰੈਂਪਟਨ ਨਗਰ ਕੌਂਸਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਇੱਕ ਸੜਕ ਦਾ ਨਾਂਅ ’ਤੇ ਰੱਖਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ।