ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਸੁਣਵਾਈ ਸੀਨੇਟ ਵਿੱਚ ਦੋਸ਼ਾਂ ਦੇ ਨਾਲ ਸ਼ੁਰੂ ਹੋਈ। ਪਹਿਲੇ ਹੀ ਦਿਨ ਨਿਯਮਾਂ ਨੂੰ ਲੈ ਕੇ ਵਿਵਾਦ ਹੋ ਗਿਆ। ਸੱਤਾ ਦੀ ਗ਼ਲਤ ਵਰਤੋਂ ਅਤੇ ਸੰਸਦ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਵਿੱਚ ਟਰੰਪ ਵਿਰੁੱਧ ਮਹਾਦੋਸ਼ ਲਗਾਇਆ ਗਿਆ ਹੈ। ਮਹਾਦੋਸ਼ ਸਾਬਤ ਹੋਣ ਉੱਤੇ ਟਰੰਪ ਨੂੰ ਆਪਣੇ ਅਹੁਦੇ ਤੋਂ ਹਟਣਾ ਹੋਵੇਗਾ, ਹਾਲਾਂਕਿ ਸੰਭਾਵਨਾ ਬਹੁਤ ਘੱਟ ਹੈ।
ਸੀਨੇਟ ਵਿੱਚ ਚਰਚਾ ਦੌਰਾਨ ਡੈਮੋਕ੍ਰੇਟ ਸਾਂਸਦਾਂ ਨੇ ਸੀਨੇਟ ਦੇ ਆਗੂ ਮਿਚ ਮੈਕਕੋਨੇਲ ਉੱਤੇ ਦੋਸ਼ ਲਗਾਇਆ ਕਿ ਉਹ ਇਸ ਪ੍ਰਕਿਰਿਆ ਲਈ ਪ੍ਰਸਤਾਵਿਤ ਨਿਯਮ ਲਿਆ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ: CAA ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਅੱਜ, ਵਿਦਿਆਰਥੀਆਂ ਨੇ ਬੁਲਾਇਆ ਬੰਦ
ਦਰਅਸਲ ਰਿਪਬਲਿਕਨ ਮੈਕਕੋਨੇਲ ਨੇ ਕੁੱਝ ਬੁਨਿਆਦੀ ਨਿਯਮ ਪ੍ਰਸਤਾਵਿਤ ਕੀਤੇ ਹਨ ਜਿਸ ਤਹਿਤ ਪਹਿਲੇ ਗੇੜ ਵਿੱਚ ਗਵਾਹਾਂ ਅਤੇ ਸਬੂਤਾਂ ਉੱਤੇ ਕੁੱਝ ਪਾਬੰਦੀਆਂ ਲਾਗੂ ਹੋਣਗੀਆਂ ਅਤੇ ਇਹ ਮਾਮਲਾ ਤੇਜ਼ੀ ਨਾਲ ਅੱਗੇ ਵਧੇਗਾ। ਉਹ ਇਸ ਨਿਯਮ ਨੂੰ ਬਦਲਣ ਦੀ ਡੈਮੋਕ੍ਰੇਟ ਸਾਂਸਦਾਂ ਦੀ ਕੋਸ਼ਿਸ਼ ਨੂੰ ਰੋਕ ਦੇਣਗੇ।
ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਅਜਿਹੇ ਤੀਜੇ ਰਾਸ਼ਟਰਪਤੀ ਹਨ ਜਿਨ੍ਹਾਂ ਵਿਰੁੱਧ ਮਹਾਦੋਸ਼ ਚਲਾਇਆ ਗਿਆ ਹੈ। 438 ਮੈਂਬਰੀ ਹੇਠਲੇ ਸਦਨ ਵਿੱਚ ਡੈਮੋਕ੍ਰੇਟਸ ਦਾ ਦਬਦਬਾ ਹੈ। ਸਦਨ ਨੇ 18 ਦਸੰਬਰ ਨੂੰ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਦੀ ਇਜਾਜ਼ਤ ਦਿੱਤੀ ਸੀ।
ਟਰੰਪ ਉੱਤੇ ਦੋਸ਼
ਡੋਨਾਲਡ ਟਰੰਪ ਉੱਤੇ ਦੋਸ਼ ਹਨ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਬਿਡੇਨ ਅਤੇ ਉਸ ਦੇ ਪੁੱਤਰ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਲਈ ਯੂਕਰੇਨ ਦੀ ਸਰਕਾਰ ਉੱਤੇ ਦਬਾਅ ਪਾਇਆ। ਬਿਡੇਨ ਦਾ ਪੁੱਤਰ ਯੂਕਰਨ ਦੀ ਇੱਕ ਊਰਜਾ ਕੰਪਨੀ ਵਿਚ ਵੱਡਾ ਅਧਿਕਾਰੀ ਹੈ। ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮੀਰ ਜੈਲੇਂਸਕੀ ਵਿਚਾਲੇ ਫ਼ੋਨ ਉੱਤੇ ਹੋਈ ਗੱਲਬਾਤ ਮਹਾਂਦੋਸ਼ ਦੇ ਲਈ ਅਹਿਮ ਸਬੂਤ ਹੈ।