ਵਾਸ਼ਿੰਗਟਨ: ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਹੈ। ਦੁਨੀਆ ਭਰ ਵਿੱਚ 1,134,418 ਲੋਕ ਕੋਰੋਨਾ ਵਾਇਰਸ ਨਾਲ ਗ੍ਰਸਤ ਹਨ ਅਤੇ 60,115 ਲੋਕਾਂ ਦੀ ਕੋਰੋਨਾ ਵਾਇਰਸ ਕਰ ਕੇ ਮੌਤ ਹੋ ਗਈ ਹੈ। ਦੱਸ ਦਈਏ ਕਿ 233,689 ਲੋਕਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਚੁੱਕੀ ਹੈ।
ਅਮਰੀਕਾ
ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 24 ਘੰਟਿਆਂ ਵਿੱਚ 1,480 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਕਿਸੇ ਦੇਸ਼ ਵਿੱਚ ਇੱਕ ਦਿਨ ਵਿੱਚ ਮਾਰੇ ਗਏ ਲੋਕਾਂ ਦੀ ਦੁਨੀਆ ਵਿੱਚ ਸਭ ਤੋਂ ਵੱਧ ਗਿਣਤੀ ਹੈ। ਅਮਰੀਕਾ ਵਿੱਚ ਵਾਇਰਸ ਨਾਲ ਹੁਣ ਤੱਕ 7,159 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਦੇਸ਼ ਵਿੱਚ 2 ਲੱਖ 77 ਹਜ਼ਾਰ ਲੋਕ ਗ੍ਰਸਤ ਹਨ।
ਯੂਰਪ 'ਚ 40 ਹਜ਼ਾਰ ਤੋਂ ਜ਼ਿਆਦਾ ਮੌਤਾਂ
ਯੂਰਪ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ 40,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ। ਇੰਨ੍ਹਾਂ ਵਿੱਚੋਂ 3 ਚੌਥਾਈ ਤੋਂ ਜ਼ਿਆਦਾ ਲੋਕ ਇਟਲੀ, ਸਪੇਨ ਅਤੇ ਫ਼ਰਾਂਸ ਵਿੱਚ ਮਾਰੇ ਗਏ। ਯੂਰਪ ਵਿੱਚ 40,768 ਲੋਕਾਂ ਦੀ ਇਸ ਮਹਾਂਮਾਰੀ ਨਾਲ ਮੌਤ ਹੋ ਗਈ ਹੈ।
ਯੂਰਪ ਮਹਾਂਦੀਪ ਵਿੱਚ ਇਸ ਵਾਇਰਸ ਦੇ ਹੁਣ ਤੱਕ 5,74,525 ਮਾਮਲੇ ਸਾਹਮਣੇ ਆਏ। ਇਸ ਮਹਾਂਦੀਪ ਉੱਤੇ ਕੋਵਿਡ-19 ਦੀ ਸਭ ਤੋਂ ਜ਼ਿਆਦਾ ਮਾਰ ਪਈ ਹੈ।
ਇਟਲੀ ਅਤੇ ਸਪੇਨ ਦੁਨੀਆਂ ਵਿੱਚ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹਨ। ਇਸ ਵਾਇਰਸ ਨਾਲ ਇਟਲੀ ਵਿੱਚ ਹੁਣ ਤੱਕ 14,681 ਅਤੇ ਸਪੇਨ ਵਿੱਚ 10,935 ਮੌਤਾਂ ਹੋਈਆਂ ਹਨ। ਫ਼ਰਾਂਸ ਵਿੱਚ ਇਸ ਬੀਮਾਰੀ ਦੇ 5,387 ਮਰੀਜ਼ ਆਪਣੀ ਜਾਨ ਗੁਆ ਬੈਠੇ ਹਨ।
ਪਾਕਿਸਤਾਨ 'ਚ 2500 ਦੇ ਕਰੀਬ ਗ੍ਰਸਤ
ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸ਼ੁੱਕਰਵਾਰ ਨੂੰ 2,500 ਦੇ ਕਰੀਬ ਪਹੁੰਚ ਗਏ ਹਨ। ਇਸ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਈ ਵੀ ਭਰੋਸੇ ਨਾਲ ਨਹੀਂ ਕਹਿ ਸਕਦਾ ਕਿ ਕੋਵਿਡ-19 ਮਹਾਂਮਾਰੀ ਕਦੋਂ ਖ਼ਤਮ ਹੋਵੇਗੀ।
ਨੇਪਾਲ 'ਚ 3 ਹੋਰ ਮਾਮਲੇ
ਨੇਪਾਲ ਦੇ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਗ੍ਰਸਤ ਤਿੰਨ ਹੋਰ ਨਵੇਂ ਮਾਮਲੇ ਆਏ ਹਨ। ਉਨ੍ਹਾਂ ਵਿੱਚੋਂ 2 ਨੇ ਹਾਲ ਹੀ ਵਿੱਚ ਭਾਰਤ ਦੀ ਯਾਤਰਾ ਕੀਤੀ ਸੀ ਤੇ ਤੀਸਰਾ ਰੋਗੀ ਪਹਿਲਾਂ ਤੋਂ ਹੀ ਗ੍ਰਸਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ।