ਵਾਸ਼ਿੰਗਟਨ: ਲੱਦਾਖ ਵਿੱਚ ਭਾਰਤੀ ਸਰਹੱਦ 'ਤੇ ਚੀਨ ਦੀਆਂ ਨਾਜਾਇਜ਼ ਨਿਰਮਾਣ ਕਾਰਵਾਈਆਂ 'ਤੇ ਚਿੰਤਾ ਜਤਾਉਂਦੇ ਹੋਏ ਅਮਰੀਕਾ ਦੇ ਇੱਕ ਪ੍ਰਭਾਵਸ਼ਾਲੀ ਸਾਂਸਦ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹਮੇਸ਼ਾ ਭਾਰਤ ਨਾਲ ਖੜਾ ਰਹੇਗਾ ਅਤੇ ਚੀਨੀ ਸਰਕਾਰ ਜਾਂ ਕਿਸੇ ਹੋਰ ਦੇ ਬਦਲਾਅ ਦੀ ਕੋਸ਼ਿਸ਼ ਦਾ ਵਿਰੋਧ ਕਰੇਗਾ, ਜਿਹੜਾ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਚੁਨੌਤੀ ਹੋਵੇ।
ਚੀਨ ਦੀ ਫ਼ੌਜੀ ਉਕਸਾਹਟ ਨਾਲ ਤਣਾਅ ਵਧੇਗਾ
ਡੈਮੋਕ੍ਰੇਟਿਕ ਪਾਰਟੀ ਤੋਂ ਕਾਂਗਰਸ ਦੇ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਲਗਦੀ ਵਿਵਾਦਤ ਹੱਦ 'ਤੇ ਚੀਨੀ ਫ਼ੌਜ ਵੱਲੋਂ ਨਿਰਮਾਣ ਦੀਆਂ ਖ਼ਬਰਾਂ ਸਬੰਧੀ ਮੈਨੂੰ ਜਾਣਕਾਰੀ ਹੈ ਅਤੇ ਮੈਂ ਇਸਤੋਂ ਚਿੰਤਤ ਹਾਂ। ਜੇਕਰ ਇਹ ਰਿਪੋਰਟ ਸੱਚੀ ਹੈ ਤਾਂ ਚੀਨ ਦੀ ਫ਼ੌਜੀ ਉਕਸਾਹਟ ਨਾਲ ਖੇਤਰ ਵਿੱਚ ਤਣਾਅ ਵੱਧਦਾ ਰਹੇਗਾ। ਉਨ੍ਹਾਂ ਕਿਹਾ ਕਿ ਅਮਰੀਕਾ-ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸਾਡੇ ਭਾਰਤੀ ਸਾਂਝੇਦਾਰ ਵੱਜੋਂ ਹਮੇਸ਼ਾ ਖੜਾ ਰਹੇਗਾ ਅਤੇ ਚੀਨ ਜਾਂ ਕਿਸੇ ਹੋਰ ਵੱਲੋਂ ਬਦਲਾਅ ਦੀ ਕਿਸੇ ਵੀ ਕੋਸ਼ਿਸ਼ ਦਾ ਵਿਰੋਧ ਕਰੇਗਾ, ਜਿਹੜਾ ਸ਼ਾਂਤੀ ਅਤੇ ਸਥਿਰਤਾ ਲਈ ਚੁਨੌਤੀ ਹੋਵੇ।
ਚੀਨ ਪੂਰਬੀ ਲੱਦਾਖ ਵਿੱਚ ਨਿਰਮਾਣ ਕਾਰਵਾਈ ਕਰ ਰਿਹਾ
ਇਲੀਨੋਇਸ ਤੋਂ ਭਾਰਤੀ ਅਮਰੀਕੀ ਸਾਂਸਦ ਨੇ ਉਪਗ੍ਰਹਿ ਰਾਹੀਂ ਲਈਆਂ ਤਸਵੀਰਾਂ ਦੇ ਸਬੰਧ ਵਿੱਚ ਬਿਆਨ ਜਾਰੀ ਕੀਤਾ ਹੈ। ਇਨ੍ਹਾਂ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਹੈ ਕਿ ਚੀਨ ਪੂਰਬੀ ਲੱਦਾਖ ਵਿੱਚ ਨਿਰਮਾਣ ਕਾਰਵਾਈ ਕਰ ਰਿਹਾ ਹੈ। ਜੁਲਾਈ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਨੇ ਆਪਣਾ ਸਾਲਾਨਾ ਨੈਸ਼ਨਲ ਡਿਫ਼ੈਸ ਆਥੋਰਾਈਜੇਸ਼ਨ ਅਧਿਨਿਯਮ ਪਾਸ ਕੀਤਾ ਸੀ। ਇਸ ਵਿੱਚ ਕ੍ਰਿਸ਼ਨਾਮੂਰਤੀ ਦੀ ਦੋ-ਪੱਖੀ ਸੋਧ ਸ਼ਾਮਲ ਕੀਤੀ ਗਈ ਹੈ, ਜਿਹੜੀ ਵਾਸਤਵਿਕ ਕੰਟਰੋਲ ਰੇਖਾ 'ਤੇ ਭਾਰਤ ਵੱਲ ਚੀਨ ਦੇ ਹਮਲਾਵਰ ਰਵੱਈਏ ਨੂੰ ਖ਼ਤਮ ਕਰਨ ਦੀ ਮੰਗ ਕਰਦਾ ਹੈ।