ਨਵੀਂ ਦਿੱਲੀ: ਅਮਰੀਕਾ ਦੇ ਰੱਖਿਆ ਸਕੱਤਰ ਮਾਰਕ ਐਪਸਰ ਨੇ ਕਿਹਾ ਕਿ ਅਮਰੀਕੀ ਫ਼ੌਜ ਦਾ ਇਰਾਕ ਛੱਡਣ ਨੂੰ ਲੈ ਕੇ ਅਜੇ ਤੱਕ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਰਾਨ ਦੇ ਸਿਖ਼ਰਲੇ ਜਰਨਲਾਂ ਚ ਸ਼ੁਮਾਰ ਕਾਸਿਮ ਸੁਲੇਮਾਨੀ ਦੀ ਅਮਰੀਕੀ ਡ੍ਰੋਨ ਹਮਲੇ 'ਚ ਹੋਈ ਮੌਤ ਮਗਰੋਂ ਇਰਾਕ ਨੇ ਅਮਰੀਕਾ ਨੂੰ ਅਮਰੀਕੀ ਫ਼ੌਜਾਂ ਹਟਾਉਣ ਦੀ ਗੱਲ ਆਖੀ ਸੀ ਤੇ ਜਿਸ ਤੋਂ ਮਗਰੋਂ ਅਮਰੀਕਾ ਦੇ ਬ੍ਰੀਗੇਡੀਅਰ ਜਰਨਲ ਵਿਲਿਅਮ ਐਚ ਸੀਲੇ ਨੇ ਚਿੱਠੀ ਲਿਖ ਇਹ ਗੱਲ ਆਖੀ ਸੀ ਕਿ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਜਾਂ ਹਫ਼ਤਿਆਂ 'ਚ ਅਮਰੀਕਾ ਆਪਣੀ ਫ਼ੌਜਾਂ ਦੀ ਮੁੜ ਸਥਾਪਤੀ ਕਰੇ।
ਇਸ ਸਭ ਦੇ ਵਿਚਾਲੇ ਇਰਾਕ ਦੇ ਪ੍ਰਧਾਨ ਮੰਤਰੀ ਅਬਦੁਲ ਮਾਹਦੀ ਨੇ ਅਮਰੀਕਾ ਵੱਲੋਂ ਇਰਾਕ ਵਿੱਚੋਂ ਫ਼ੌਜ ਹਟਾਉਣ ਸਬੰਧੀ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਹੈ।
ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਰਾਕ 'ਚੋਂ ਅਮਰੀਕੀ ਫ਼ੌਜਾਂ ਦਾ ਹਟਣਾ ਖ਼ੁਦ ਇਰਾਕ ਲਈ ਬਹੁਤ ਮਾੜੀ ਗੱਲ ਹੋਵੇਗੀ।