ਮੈਕਸੀਕੋ: ਇੱਥੋਂ ਦੇ ਇਕ ਡਰੱਗ ਮਾਫੀਆ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਤੋਂ ਬਾਅਦ, ਉੱਮੀਦ ਕੀਤੀ ਜਾ ਰਹੀ ਸੀ ਕਿ ਦੇਸ਼ ਦੇ ਸਭ ਤੋਂ ਹਿੰਸਕ ਰਾਜ, ਗੁਆਨਾਜੁਆਤੋ ਵਿੱਚ ਹੁਣ ਸ਼ਾਂਤੀ ਸਥਾਪਿਤ ਹੋ ਜਾਵੇਗੀ, ਪਰ 7 ਲੋਕਾਂ ਦੀਆਂ ਗੋਲੀਆਂ ਲੱਗਣ ਕਰਕੇ ਮਿਲੀਆਂ ਲਾਸ਼ਾਂ ਤੋਂ ਬਾਅਦ ਉਨ੍ਹਾਂ ਦੀਆਂ ਉੱਮੀਦਾਂ 'ਤੇ ਪਾਣੀ ਫਿਰ ਗਿਆ।
ਨਸ਼ੀਲੀਆਂ ਦਵਾਈਆਂ ਤਿਆਰ ਕਰਨ ਅਤੇ ਵੇਚਣ ਵਾਲੇ ਇੱਕ ਗਿਰੋਹ ਨੇ ਐਲਾਨ ਕੀਤਾ ਹੈ ਕਿ ਉਹ ਇਸ ਸੂਬੇ ਵਿੱਚ ਆਪਣਾ ਰਾਜ ਸਥਾਪਤ ਕਰਨ ਵਾਲਾ ਹੈ। ਗੁਆਨਾਜੁਆਤੋ ਰਾਜ ਵਿੱਚ ਸਾਂਤਾ ਰੋਜਾ ਡੀ ਲੀਮਾ ਗਿਰੋਹ ਅਤੇ ਇਸ ਦੇ ਵਿਰੋਧੀ ਗਿਰੋਹ ਜੈਲੀਸਕੋ ਦੇ ਵਿੱਚ 2017 ਵਿੱਚ ਇਸ ਉਦਯੋਗਿਕ ਰਾਜ ਨੂੰ ਆਪਣੇ-ਆਪਣੇ ਕਬਜ਼ੇ ਵਿੱਚ ਲੈਣ ਲਈ ਲੜਾਈ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 9,000 ਤੋਂ ਵੱਧ ਲੋਕਾਂ ਦੇ ਕਤਲ ਕੀਤੇ ਜਾ ਚੁੱਕੇ ਹਨ।
ਅਜਿਹੀ ਉੱਮੀਦ ਕੀਤੀ ਜਾ ਰਹੀ ਸੀ ਕਿ ਸੰਤਾ ਰੋਜ਼ਾ ਗਿਰੋਹ ਦੇ ਨੇਤਾ ਜੋਸ ਐਂਤੋਨੀਓ ਯੇਪੇਜ ਓਰਤੀਜ ਉਰਫ ਮਾਰੋ ਦੀ 2 ਅਗਸਤ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਾ ਖ਼ਤਮ ਹੋ ਜਾਵੇਗੀ, ਪਰ ਸ਼ਨੀਵਾਰ ਨੂੰ ਗੁਆਨਾਜੁਆਤੋ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਰਾਜ ਦੀ ਸਰਹੱਦ ਨੇੜੇ ਸੜਕ ਦੇ ਕਿਨਾਰੇ ਗੋਲੀਆਂ ਲੱਗਣ ਕਾਰਨ 7 ਲੋਕਾਂ ਦੀਆਂ ਲਾਸ਼ਾਂ ਮਿਲੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਥੋਂ ਇਕ ਰਾਈਫਲ ਅਤੇ ਪਿਸਤੌਲ ਤੋਂ ਚਲਾਈਆਂ ਗਈਆਂ ਗੋਲੀਆਂ ਦੇ ਖੋਖੇ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਰਿਆਂ ਦਾ ਕਤਲ ਉਸੇ ਜਗ੍ਹਾ ਕੀਤਾ ਗਿਆ ਸੀ। ਸ਼ਨੀਵਾਰ ਨੂੰ, ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿੱਚ ਤਕਰੀਬਨ 20-22 ਲੋਕ ਰਾਈਫਲਾਂ, 50 ਬੋਰ ਦੀਆਂ ਸਨਿੱਪਰ ਰਾਈਫਲਾਂ ਅਤੇ ਮਸ਼ੀਨ ਗੰਨ ਦੇ ਨਾਲ ਫੌਜ ਦੀਆਂ ਵਰਦੀਆਂ ਪਾਕੇ ਨਜ਼ਰ ਆਏ।