ਨਵੀਂ ਦਿੱਲੀ: ਅਮਰੀਕਾ ਦੇ ਸਿਨਸਿਨਾਟੀ 'ਚ ਇੱਕ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ 'ਚ ਤਿੰਨ ਔਰਤਾਂ ਅਤੇ ਇੱਕ ਵਿਅਕਤੀ ਸ਼ਾਮਲ ਹੈ।
ਵੈਸਟ ਚੈਸਟਰ ਪੁਲਿਸ ਮੁਤਾਬਕ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਸੂਚਨਾ ਮਿਲਦੇ ਹੀ ਜਦੋਂ ਪੁਲਿਸ ਨੇ ਉੱਤਰੀ ਸਿਨਸਿਨਾਟੀ ਸਥਿਤ ਕੰਪਲੈਕਸ 'ਚ ਜਾ ਕੇ ਵੇਖਿਆ ਤਾਂ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਫਰਸ਼ 'ਤੇ ਪਈਆਂ ਸਨ।
ਫ਼ੋਨ ਕਰਨ ਵਾਲਾ ਵਿਅਕਤੀ ਮ੍ਰਿਤਕਾਂ ਦਾ ਪਰਿਵਾਰਕ ਮੈਂਬਰ ਹੀ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਘਰ ਆਇਆ ਤਾਂ ਚਾਰ ਮੈਂਬਰ ਜ਼ਮੀਨ 'ਤੇ ਪਏ ਹੋਏ ਸਨ ਅਤੇ ਉਨ੍ਹਾਂ ਨੇ ਸਿਰ 'ਚੋਂ ਖ਼ੂਨ ਨਿਕਲ ਰਿਹਾ ਸੀ। ਉਸ ਨੇ ਕਿਹਾ ਕਿ ਮ੍ਰਿਤਕਾਂ 'ਚ ਉਸ ਦੀ ਮਾਂ, ਪਤਨੀ, ਪਿਤਾ ਅਤੇ ਚਾਚੀ ਹਨ। ਘਰ 'ਚ ਬੱਚੇ ਵੀ ਹਨ ਪਰ ਉਹ ਘਟਨਾ ਦੇ ਸਮੇਂ ਘਰ 'ਚ ਮੌਜੂਦ ਨਹੀਂ ਸਨ।