ਨਿਊਯਾਰਕ : ਅਮਰੀਕਾ ਦੀ ਰਹਿਣ ਵਾਲੀ 22 ਸਾਲ ਗੁਰਸੋਚ ਕੌਰ ਜੋ ਕਿ ਅਮਰੀਕਾ ਦੀ ਨਿਊਯਾਰਕ ਪੁਲਿਸ ਵਿੱਚ ਭਰਤੀ ਹੋਣ ਵਾਲੀ ਪਹਿਲੀ ਦਸਤਾਰਧਾਰੀ ਸਿੰਘਣੀ ਹੈ। ਗੁਰਸੋਚ ਕੌਰ ਜਿਸ ਨੇ ਕਿ ਨਿਊਯਾਰਕ ਅਕਾਦਮੀ ਤੋਂ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਬਤੌਰ ਪੁਲਿਸ ਅਫ਼ਸਰ ਵਜੋਂ ਚੁਣੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਪੁਲਿਸ ਵਿੱਚ ਲਗਭਗ 2000 ਸਿੱਖ ਪੁਲਿਸ ਅਧਿਕਾਰੀ ਹਨ, ਜਿੰਨ੍ਹਾਂ ਵਿੱਚੋਂ 19 ਔਰਤਾਂ ਹਨ, ਪਰ ਗੁਰਸੋਚ ਇਕਲੌਤੀ ਹੈ ਜੋ ਕਿ ਦਸਤਾਰ ਸਜਾਉਂਦੀ ਹੈ।
ਗੁਰਸੋਚ ਨੇ ਦੱਸਿਆ ਕਿ ਨਿਊਯਾਰਕ ਪੁਲਿਸ ਵਿੱਚ ਉਸ ਦੀ ਮੌਜੂਦਗੀ ਦਾ ਮਤਲਬ ਇਹ ਹੈ ਕਿ ਉਹ ਲੋਕਾਂ ਨੂੰ ਪੱਗੜੀ ਦੇ ਮਹੱਤਵ ਬਾਰੇ ਦੱਸ ਸਕੇ ਕਿ ਪੱਗੜੀ ਕੀ ਹੈ।
ਗੁਰਸੋਚ ਨੇ ਨਿਊਯਾਰਕ ਪੁਲਿਸ ਵਿੱਚ ਤਾਇਨਾਤੀ ਨੂੰ ਲੈ ਕਿ ਕਿਹਾ ਕਿ ਉਹ ਖ਼ੁਦ ਨੂੰ ਬਹੁਤ ਖ਼ੁਸ਼-ਕਿਸਮਤ ਸਮਝਦੀ ਹੈ। ਇਹ ਮੰਨਿਆਂ ਜਾਂਦਾ ਹੈ ਕਿ ਪੱਗੜੀ ਮਨੁੱਖਤਾ ਦੇ ਲਈ ਦਇਆ ਭਾਵਨਾ ਅਤੇ ਉਨ੍ਹਾਂ ਦੀ ਸੇਵਾ ਲਈ ਖੜੀ ਹੈ। ਲੋਕਾਂ ਨੇ ਅਜਿਹਾ ਕੁੱਝ ਪਹਿਲਾਂ ਕਦੀ ਨਹੀਂ ਦੇਖਿਆ।
ਗੁਰਸੋਚ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਹੈ, ਕਿਉਂਕਿ ਇਹ ਮੈਨੂੰ ਲੋਕਾਂ ਨੂੰ ਇਹ ਦੱਸਣ ਦਾ ਮੌਕਾ ਦਿੰਦਾ ਹੈ ਕਿ ਪੱਗੜੀ ਦੇ ਪਿੱਛੇ ਕੀ ਹੈ, ਉਨ੍ਹਾਂ ਇਸ ਬਾਰੇ ਜਾਣੂ ਕੀਤਾ ਜਾਵੇ। ਉਹ ਹਰ ਇੱਕ ਨੂੰ ਕਿਵੇਂ ਪਿਆਰ ਕਰਦੇ ਹਨ।
ਜਾਣਕਾਰੀ ਮੁਤਾਬਕ ਗੁਰਸੋਚ ਦੀ ਇਸ ਉਪਲੱਭਧੀ ਉੱਤੇ ਅਮਰੀਕਾ ਰਹਿੰਦੇ ਸਾਰੇ ਸਿੱਖਾਂ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ। ਨਿਊਯਾਰਕ ਸ਼ਹਿਰ ਦੇ ਸਿੱਖ ਅਫ਼ਸਰ ਐਸੋਸੀਏਸ਼ਨ ਨੇ ਕੌਰ ਦੀ ਇੱਕ ਤਸਵੀਰ ਟਵੀਟ ਕੀਤੀ ਹੈ, ਜਿਸ ਵਿੱਚ ਉਸ ਦੇ ਪੁਲਿਸ ਵਿੱਚ ਭਰਤੀ ਨੂੰ ਲੈ ਕੇ ਜਸ਼ਨ ਮਨਾਇਆ ਗਿਆ।
ਉਸ ਨੇ ਦੱਸਿਆ ਕਿ ਉਹ ਪਰੇਡ ਉੱਤੇ ਜਾਂਦੀ ਹੈ, ਟ੍ਰੈਫ਼ਿਕ ਨੂੰ ਕੰਟਰੋਲ ਕਰਦੀ ਹੈ, ਜਿਸ ਨਾਲ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਹਰ ਕੋਈ ਸੁਰੱਖਿਅਤ ਹੈ।
ਅਮਰੀਕਾ ਵਿੱਚ ਅੱਧਾ ਮਿਲੀਅਨ ਸਿੱਖ ਰਹਿੰਦੇ ਹਨ। ਗੁਰਸੋਚ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ ਔਰਤਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਪੁਰਸ਼ਾਂ ਤੋਂ ਘੱਟ ਹਨ। ਜਿਥੇ ਵੀ ਪੁਰਸ਼ ਕੰਮ ਕਰ ਸਕਦੇ ਹਨ, ਅਸੀਂ ਵੀ ਕੰਮ ਕਰ ਸਕਦੀਆਂ ਹਾਂ। ਰੱਬ ਨੇ ਸਾਨੂੰ ਬਰਾਬਰ ਅਧਿਕਾਰ ਦਿੱਤੇ ਹਨ।