ਸੈਨ ਡਿਏਗੋ: ਅਮਰੀਕਾ ਦੇ ਸੈਨ ਡਿਏਗੋ ਸਥਿਤ ਨੇਵੀ ਦੇ ਅੱਡੇ ਉੱਤੇ ਜੰਗੀ ਜਹਾਜ਼ ਨੂੰ ਅੱਗ ਲੱਗਣ ਕਾਰਨ 57 ਲੋਕ ਝੁਲਸੇ ਗਏ। ਰਿਅਰ ਐਡਮੀਰਲ ਫਿਲਿਪ ਸੋਬੇਕ ਨੇ ਦੱਸਿਆ ਕਿ ਯੂਐਸਐਸ ਬੋਨਹੋਮ ਰਿਚਰਡ ਵਿੱਚ ਐਤਵਾਰ ਨੂੰ ਸਵੇਰੇ ਉਸ ਇਲਾਕੇ ਵਿੱਚ ਅੱਗ ਲੱਗ ਗਈ ਜਿੱਥੇ ਵਾਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਉੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ।
ਅਮਰੀਕੀ ਨੇਵੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ 17 ਨੇਵੀ ਸੈਨੀਕਾਂ ਅਤੇ 4 ਆਮ ਨਾਗਰਿਕਾਂ ਦੇ ਅੱਗ ਵਿੱਚ ਝੁਲਸਣ ਦੀ ਸੂਚਨਾ ਸੀ ਪਰ ਸੋਮਵਾਰ ਸਵੇਰੇ ਅੱਗ ਨਾਲ ਜ਼ਖ਼ਮੀਆਂ ਦੀ ਗਿਣਤੀ ਵੱਧ ਕੇ 57 ਹੋ ਗਈ ਜਿਨ੍ਹਾਂ ਵਿੱਚੋਂ ਪੰਜ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਅੱਡੇ ਉੱਤੇ ਲੱਗੀ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਉ ਦਲ ਦੇ ਕਰਮਚਾਰੀ ਪਾਣੀ ਦੀਆਂ ਬੁਛਾੜਾਂ ਮਾਰ ਰਹੇ ਹਨ ਤੇ ਹੈਲੀਕਾਪਟਰ ਨਾਲ ਵੀ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੁੰਦਰੀ ਅੱਡੇ ਉੱਤੇ ਕੋਈ ਅਸਲਾ ਮੌਜੂਦ ਨਹੀਂ ਹੈ, ਪਰ ਇਸ ਵਿੱਚ ਤਕਰੀਬਨ 37 ਲੱਖ ਲੀਟਰ ਇੰਧਣ ਹੈ ਤੇ ਅੱਗ ਤੋਂ ਬਹੁਤ ਹੇਠਾਂ ਹੈ।
ਸੋਬੇਕ ਨੇ ਦੱਸਿਆ ਕਿ ਜਦੋਂ ਸੈਨ ਡੀਏਗੋ ਸਮੁੰਦਰੀ ਬੇਸ ਉੱਤੇ ਲੰਗਰ ਵਾਲਾ ਜਹਾਜ਼ ਫਟਿਆ ਤਾਂ ਅੱਗ ਦੀਆਂ ਲਪਟਾਂ ਨਿੱਕਲਣ ਲੱਗੀਆਂ ਤੇ ਉਸ ਸਮੇਂ ਉਸ ਉੱਤੇ 160 ਜਲ ਸੈਨਾ ਦੇ ਜਵਾਨ ਤੇ ਅਧਿਕਾਰੀ ਸਵਾਰ ਸਨ। ਅਮਰੀਕਾ ਪੈਸੀਫਿਕ ਫਲੀਟ ਵਿੱਚ ਨੇਵਲ ਸਰਫੇਸ ਫੋਰਸ ਦੇ ਬੁਲਾਰੇ ਮਾਇਕ ਰੈਨੇ ਨੇ ਦੱਸਿਆ ਕਿ ਜਦੋਂ ਜਹਾਜ਼ ਡਿਉਟੀ ਉੱਤੇ ਸਰਗਰਮੀ ਨਾਲ ਕੰਮ ਕਰਦਾ ਹੈ ਤਾਂ ਲਗਭਗ ਇਕ ਹਜ਼ਾਰ ਕਰਮਚਾਰੀ ਇਸ ਵਿੱਚ ਸਵਾਰ ਹੁੰਦੇ ਹਨ।
ਚੀਫ ਆਫ਼ ਨੇਵਲ ਸਟਾਫ਼ ਐਡਮਿਰਲ ਮਾਈਕ ਗਿਲਡੇ ਨੇ ਕਿਹਾ ਕਿ ਸਾਨੂੰ ਚਾਲਕ ਦਲ ਦੇ ਸਾਰੇ ਮੈਂਬਰਾਂ ਦੀ ਜਾਣਕਾਰੀ ਹੈ। ਸੋਬੇਕ ਨੇ ਦੱਸਿਆ ਕਿ ਸੂਚਨਾ ਹੈ ਕਿ ਸਮੁੰਦਰੀ ਅੱਡੇ ਉੱਤੇ ਧਮਾਕਾ ਹੋਇਆ ਹੈ ਪਰ ਅਜੇ ਅਸੀਂ ਠੋਸ ਰੂਪ ਵਿੱਚ ਨਹੀਂ ਦੱਸ ਸਕਦੇ ਕੀ ਧਮਾਕੇ ਦਾ ਕੀ ਕਾਰਨ ਹੈੇ। ਉਨ੍ਹਾਂ ਦਾ ਮੰਨਣਾ ਹੈ ਕਿ ਜ਼ਿਆਦਾ ਦਬਾਅ ਕਾਰਨ ਕੰਮਪਾਰਟਮੈਂਟ ਗਰਮ ਹੋਇਆ ਹੈ ਜਿਸ ਕਾਰਨ ਅੱਗ ਲੱਗੀ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਸਮੁੰਦਰੀ ਅੱਡਾ 23 ਸਾਲ ਪੁਰਾਣਾ ਹੈ ਤੇ ਇਸ ਉੱਤੇ ਹੈਲੀਕਾਪਟਰ ਅਤੇ ਛੋਟੇ ਵਾਹਨਾਂ ਨੂੰ ਰੱਖਣ ਦੀ ਜਗ੍ਹਾ ਹੈ। ਇਸ ਦੇ ਨਾਲ ਹੀ ਇੱਥੇ ਛੋਟੀਆਂ ਕਿਸ਼ਤੀਆਂ ਅਤੇ ਹੋਰ ਵਾਹਨ ਵੀ ਮੌਜੂਦ ਰਹਿੰਦੇ ਹਨ।