ਚੰਡੀਗੜ੍ਹ: ਪੰਜਾਬੀ ਫਿਲਮਾਂ ਭਾਵੇਂ ਬਾਲੀਵੁੱਡ ਫਿਲਮਾਂ ਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ ਹਨ ਪਰ ਇਨ੍ਹਾਂ ਦੀਆਂ ਅਦਾਕਾਰਾ ਬੀ-ਟਾਊਨ ਦੀਆਂ ਅਦਾਕਾਰਾਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹਨ। ਅੱਜਕੱਲ੍ਹ ਪੂਰੇ ਦੇਸ਼ ਵਿੱਚ ਪੰਜਾਬੀ ਗੀਤਾਂ ਦਾ ਵੀ ਬਹੁਤ ਰੁਝਾਨ ਹੈ। ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਜੱਸੀ ਗਿੱਲ ਵਰਗੇ ਕਈ ਪੰਜਾਬੀ ਗਾਇਕ ਵੀ ਬਾਲੀਵੁੱਡ ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਨਾ ਸਿਰਫ਼ ਆਪਣੇ ਗੀਤਾਂ ਰਾਹੀਂ ਸਗੋਂ ਆਪਣੀ ਅਦਾਕਾਰੀ ਰਾਹੀਂ ਵੀ ਬਾਲੀਵੁੱਡ ਵਿੱਚ ਡੂੰਘੀ ਛਾਪ ਛੱਡੀ ਹੈ। ਦੂਜੇ ਪਾਸੇ ਹਿੰਦੀ ਸੀਰੀਅਲਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕਈ ਟੀਵੀ ਕਲਾਕਾਰ ਨਜ਼ਰ ਆਉਂਦੇ ਹਨ। ਹਾਲਾਂਕਿ ਇੱਥੇ ਅਸੀਂ ਉਨ੍ਹਾਂ ਅਦਾਕਾਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਰਾਹੀਂ ਹੀ ਆਪਣੀ ਪਛਾਣ ਬਣਾਈ ਹੈ।
ਇਹ ਅਦਾਕਾਰਾ ਵੀ ਕਿਸੇ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਭਾਵੇਂ ਉਹ ਸੁੰਦਰਤਾ ਹੋਵੇ, ਅਦਾਕਾਰੀ ਹੋਵੇ ਜਾਂ ਗਲੈਮਰਸ ਸਟਾਈਲ। ਇਨ੍ਹਾਂ ਪੰਜਾਬੀ ਅਦਾਕਾਰਾਂ ਨੇ ਸੋਸ਼ਲ ਮੀਡੀਆ 'ਤੇ ਵੀ ਆਪਣੇ ਅੰਦਾਜ਼ ਦੀ ਅੱਗ ਫੈਲਾਈ ਹੈ। ਇੱਥੇ ਅਸੀਂ ਤੁਹਾਨੂੰ ਸੁਪਰਹਿੱਟ ਪੰਜਾਬੀ ਅਦਾਕਾਰਾਂ ਬਾਰੇ ਦੱਸ ਰਹੇ ਹਾਂ, ਜੋ ਅਕਸਰ ਪਾਲੀਵੁੱਡ ਦੀਆਂ ਸੁਰਖੀਆਂ ਵਿੱਚ ਰਹਿੰਦੀਆਂ ਹਨ।
- ਨੀਰੂ ਬਾਜਵਾ: ਕੈਨੇਡਾ ਵਿੱਚ ਜਨਮੀ ਨੀਰੂ ਬਾਜਵਾ ਇੱਕ ਪ੍ਰਸਿੱਧ ਪੰਜਾਬੀ ਅਦਾਕਾਰਾ ਹੈ। ਉਸਨੇ 1998 ਵਿੱਚ ਦੇਵ ਆਨੰਦ ਦੀ ਬਾਲੀਵੁੱਡ ਫਿਲਮ 'ਮੈਂ ਸੋਲਾਂ ਬਰਸ ਕੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਰ ਬਾਅਦ ਵਿੱਚ ਉਹ ਪੰਜਾਬੀ ਫਿਲਮਾਂ ਵਿੱਚ ਤਬਦੀਲ ਹੋ ਗਈ। ਨੀਰੂ ਬਾਜਵਾ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਧੀਆਂ ਵੀ ਹਨ, ਪਰ ਫਿਰ ਵੀ ਉਹ ਫਿਲਮਾਂ ਵਿੱਚ ਮੁੱਖ ਅਦਾਕਾਰਾ ਵਜੋਂ ਨਜ਼ਰ ਆਉਂਦੀ ਹੈ। ਉਨ੍ਹਾਂ ਨੇ ਦਿਲਜੀਤ ਦੁਸਾਂਝ ਨਾਲ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਦਿਲਜੀਤ ਅਤੇ ਨੀਰੂ ਦੀ 'ਇਸ਼ਕ ਹਾਜ਼ਿਰ ਹੈ' ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਉਹ ਪੰਜਾਬੀ ਸਿਨੇਮਾ ਦੀ ਸੁਪਰਸਟਾਰ ਅਦਾਕਾਰਾ ਹੈ।
- ਸਰਗੁਣ ਮਹਿਤਾ: ਨੀਰੂ ਬਾਜਵਾ ਤੋਂ ਬਾਅਦ ਸਰਗੁਣ ਮਹਿਤਾ ਦਾ ਨਾਂ ਵੀ ਪੰਜਾਬੀ ਸਿਨੇਮਾ ਦੀਆਂ ਸੁਪਰਹਿੱਟ ਅਦਾਕਾਰਾ ਵਿੱਚੋਂ ਇੱਕ ਹੈ। ਸਰਗੁਣ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ '12/24 ਕਰੋਲ ਬਾਗ' ਨਾਲ ਕੀਤੀ ਸੀ। 'ਕਰੋਲ ਬਾਗ' ਤੋਂ ਇਲਾਵਾ ਉਹ 'ਫੁਲਵਾ', 'ਬਾਲਿਕਾ ਵਧੂ' 'ਚ ਵੀ ਕੰਮ ਕਰ ਚੁੱਕੀ ਹੈ। ਸਰਗੁਣ ਦਿੱਖ 'ਚ ਜਿੰਨੀ ਖੂਬਸੂਰਤ ਹੈ, ਉਸ ਦੀ ਐਕਟਿੰਗ ਵੀ ਸ਼ਾਨਦਾਰ ਹੈ। ਉਨ੍ਹਾਂ ਨੇ 'ਲਵ ਪੰਜਾਬ', 'ਕਿਸਮਤ', 'ਕਾਲਾ ਸ਼ਾਹ ਕਾਲਾ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇੰਨੀਂ ਦਿਨੀਂ ਉਹ 'ਨਿਗਾਹ ਮਾਰਦਾ ਆਏ ਵੇ' ਨੂੰ ਲੈ ਕੇ ਚਰਚਾ ਵਿੱਚ ਹੈ।
- ਸੋਨਮ ਬਾਜਵਾ: ਸੋਨਮ ਬਾਜਵਾ ਜਿਸ ਨੇ ਪੰਜਾਬੀ ਸਿਨੇਮਾ ਦੇ ਨਾਲ-ਨਾਲ ਤਾਮਿਲ ਫਿਲਮ ਇੰਡਸਟਰੀ 'ਚ ਵੀ ਆਪਣੀ ਅਦਾਕਾਰੀ ਦੀ ਪਛਾਣ ਬਣਾਈ ਹੈ। ਉਸ ਨੇ 2013 'ਚ ਫਿਲਮ 'ਬੈਸਟ ਆਫ ਲੱਕ' ਨਾਲ ਪੰਜਾਬੀ ਇੰਡਸਟਰੀ 'ਚ ਡੈਬਿਊ ਕੀਤਾ ਸੀ। ਉਹ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਨਾਲ ਫਿਲਮ 'ਗੁੱਡੀਆਂ ਪਟੋਲੇ' ਵਿੱਚ ਨਜ਼ਰ ਆਈ ਸੀ, ਜਿਸ ਵਿੱਚ ਉਸ ਦੀ ਭੂਮਿਕਾ ਨੂੰ ਖੂਬ ਸਲਾਹਿਆ ਗਿਆ ਸੀ। ਉਹ 'ਸੁਪਰ ਕਿੰਗ', 'ਸਰਦਾਰ ਜੀ 2', 'ਬੌਰਨ ਟੂ ਬੀ ਕਿੰਗ' ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਕੰਮ ਕਰ ਚੁੱਕੀ ਹਨ। ਇੰਨੀਂ ਦਿਨੀਂ ਉਹ ਅਕਸ਼ੈ ਕੁਮਾਰ ਨਾਲ ਮੰਨੋਰੰਜਨ ਟੂਰ ਉਤੇ ਗਈ ਹੋਈ ਹੈ।
- ਹਿਮਾਂਸ਼ੀ ਖੁਰਾਣਾ: ਹਿਮਾਂਸ਼ੀ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆਈ ਪਰ ਉਸ ਨੇ ਥੋੜ੍ਹੇ ਸਮੇਂ 'ਚ ਹੀ ਕਾਫੀ ਪ੍ਰਸਿੱਧੀ ਹਾਸਲ ਕਰ ਲਈ ਹੈ। ਉਹ 2011 ਵਿੱਚ ਮਿਸ ਲੁਧਿਆਣਾ ਬਣੀ। ਉਸਨੇ 2010 ਵਿੱਚ 'ਜੋੜੀ-ਬਿੱਗ ਡੇ ਪਾਰਟੀ' ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣਾ ਕਰੀਅਰ 'ਸਾਡਾ ਹੱਕ' ਨਾਲ ਸ਼ੁਰੂ ਕੀਤਾ ਸੀ।
- ਮੈਂਡੀ ਤੱਖਰ: ਕਹਿਣ ਨੂੰ ਤਾਂ ਮੈਂਡੀ ਤੱਖਰ ਦਾ ਜਨਮ ਬਰਤਾਨੀਆ ਵਿੱਚ ਹੋਇਆ ਸੀ ਪਰ ਉਸ ਨੂੰ ਪੰਜਾਬ ਆ ਕੇ ਹੀ ਪਛਾਣ ਮਿਲੀ। ਮੈਂਡੀ ਨੇ 2010 ਵਿੱਚ ਪੰਜਾਬੀ ਗਾਇਕ ਬੱਬੂ ਮਾਨ ਨਾਲ ਪਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਪਹਿਲੀ ਫਿਲਮ ਤੋਂ ਹੀ ਉਨ੍ਹਾਂ ਨੇ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਮੈਂਡੀ ਨੇ ਮਿਰਜ਼ਾ: ਦਿ ਅਨਟੋਲਡ ਸਟੋਰੀ, ਸਰਦਾਰ ਜੀ ਵਰਗੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।
- ਸਿੰਮੀ ਚਾਹਲ: ਸਿੰਮੀ ਚਾਹਲ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਹੈ, ਸਿੰਮੀ ਚਾਹਲ ਆਏ ਦਿਨ ਨਵੀਆਂ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਸਿੰਮੀ ਅੱਜ ਕੱਲ਼੍ਹ ਤਰਸੇਮ ਜੱਸੜ ਨਾਲ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ।
- ਤਾਨੀਆ: ਥੋੜ੍ਹੇ ਹੀ ਸਮੇਂ ਵਿੱਚ ਪੰਜਾਬੀ ਮੰਨੋਰੰਜਨ ਜਗਤ ਵਿੱਚ ਵੱਖਰੀ ਪਹਿਛਾਣ ਬਣਾਉਣ ਵਾਲੀ ਅਦਾਕਾਰਾ ਤਾਨੀਆ ਹੈ। ਤਾਨੀਆ ਦੀ ਖੂਬਸੂਰਤੀ ਦੇ ਚਰਚੇ ਪੂਰੇ ਪਾਲੀਵੁੱਡ ਹਨ। ਅਦਾਕਾਰਾ ਇੰਨੀਂ ਦਿਨੀਂ ਗਿੱਪੀ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਨੂੰ ਲੈ ਚਰਚਾ ਵਿੱਚ ਹੈ।
ਇਹ ਵੀ ਪੜ੍ਹੋ: Jodi Release Date: ਫਿਲਮ 'ਜੋੜੀ' ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ ਦਿਲਜੀਤ-ਨਿਮਰਤ, ਫਿਲਮ ਇਸ ਦਿਨ ਹੋਵੇਗੀ ਰਿਲੀਜ਼