ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾਉਂਦੀਆਂ ਚਾਰ ਹਸੀਨਾਵਾਂ ਆਸਟ੍ਰੇਲੀਆ ਵਿਖੇ ਆਯੋਜਿਤ ਹੋਣ ਵਾਲੇ ਗ੍ਰੈਂਡ ਸੋਅਜ਼ ਦਾ ਹਿੱਸਾ ਬਣਨ ਜਾ ਰਹੀਆਂ ਹਨ, ਜਿੰਨ੍ਹਾਂ ਵਿੱਚ ਨੀਲਮ ਕੋਠਾਰੀ, ਮਹੀਪ ਕਪੂਰ, ਸੀਮਾ ਸੰਜੇਦ ਅਤੇ ਭਾਵਨਾ ਪਾਂਡੇ ਸ਼ਾਮਿਲ ਹਨ।
'ਇੰਡੋਸ ਆਰਟ ਐਸੋਸੀਏਸ਼ਨ' ਅਤੇ 'ਵੀਐਸ ਬੈਨਰ' ਹੇਠ ਆਯੋਜਿਤ ਕਰਵਾਏ ਜਾ ਰਹੇ ਇੰਨ੍ਹਾਂ ਸੋਅਜ਼ ਦੀ ਰਸਮੀ ਅਨਾਊਂਸਮੈਂਟ ਆਯੋਜਕਾਂ ਵੱਲੋਂ ਕਰ ਦਿੱਤੀ ਗਈ ਹੈ, ਜਿੰਨ੍ਹਾਂ ਦੱਸਿਆ ਕਿ ਉਕਤ ਲੜ੍ਹੀ ਅਧੀਨ ਸਭ ਤੋਂ ਵੱਡੇ ਸ਼ੋਅ ਦਾ ਆਯੋਜਨ ਹਯਾਤ ਪਲੈਸ ਮੈਲਬੌਰਨ ਵਿਖੇ ਕੀਤਾ ਜਾਵੇਗਾ, ਜਿਸ ਦਾ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿਚੋਂ ਵੱਡੀ ਗਿਣਤੀ ਦਰਸ਼ਕ ਹਿੱਸਾ ਬਣਨਗੇ।
'ਦਿ ਫਨਟਾਸਟਿਕ ਫੌਰ' ਦੇ ਟਾਈਟਲ ਹੇਠ ਕਰਵਾਏ ਜਾ ਰਹੇ ਇੰਨ੍ਹਾਂ ਸੋਅਜ਼ ਵਿੱਚ ਸ਼ਾਮਲ ਹੋਣ ਜਾ ਰਹੀਆਂ ਉਕਤ ਹਿੰਦੀ ਸਿਨੇਮਾ ਖੇਤਰ ਨਾਲ ਜੁੜੀਆਂ ਹਸਤੀਆਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿਚੋਂ ਅਦਾਕਾਰਾ ਨੀਲਮ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਸਫ਼ਲ ਫਿਲਮਾਂ ਦਾ ਹਿੱਸਾ ਰਹੀ ਹੈ, ਜਿੰਨ੍ਹਾਂ ਵਿੱਚ 'ਲਵ 86', 'ਇਲਜ਼ਾਮ', 'ਸਿੰਧੂਰ', 'ਹੱਤਿਆ', 'ਖੁਦਗਰਜ਼', 'ਫ਼ਰਜ ਕੀ ਜੰਗ', 'ਬਿੱਲੂ ਬਾਦਸ਼ਾਹ', 'ਤਾਕਤਵਰ', 'ਦੋ ਕੈਦੀ', 'ਖਤਰੋ ਕੇ ਖਿਲਾੜ੍ਹੀ', 'ਘਰ ਕਾ ਚਿਰਾਗ', 'ਮਿੱਟੀ ਔਰ ਸੋਨਾ', 'ਪਾਪ ਕੀ ਦੁਨੀਆ' ਆਦਿ ਪ੍ਰਮੁੱਖ ਰਹੀਆਂ ਹਨ।
ਇਸ ਤੋਂ ਬਾਅਦ ਦੂਜਾ ਨਾਂਅ ਮਹੀਪ ਕਪੂਰ ਦਾ ਹੈ, ਜੋ ਨਾਮਵਰ ਐਕਟਰ ਸੰਜੇ ਕਪੂਰ ਦੀ ਪਤਨੀ ਅਤੇ ਫੈਸ਼ਨ ਆਈਕੋਨ ਵਜੋਂ ਕਾਫ਼ੀ ਭੱਲ ਕਾਇਮ ਕਰ ਚੁੱਕੀ ਹੈ। ਉਪਰੰਤ ਗੱਲ ਕਰੀਏ ਸੀਮਾ ਸੰਜੇਦ ਦੀ ਤਾਂ ਉਨ੍ਹਾਂ ਦੀ ਪਹਿਲੀ ਪਹਿਚਾਣ ਫਿਲਮ ਸਟਾਰ ਸੋਹੇਲ ਖਾਨ ਦੀ ਪਤਨੀ ਵਜੋਂ ਰਹੀ ਹੈ, ਜਿੰਨ੍ਹਾਂ ਦੇ ਹਾਲੀਆ ਹੋਏ ਤੋੜ ਵਿਛੋੜੇ ਬਾਅਦ ਉਨ੍ਹਾਂ ਵੱਲੋਂ ਆਪਣੀ ਵਿਲੱਖਣ ਪਹਿਚਾਣ ਕਾਇਮ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਸਿੱਟੇ ਵਜੋਂ ਹੀ ਸਾਹਮਣੇ ਆਵੇਗਾ ਉਨਾਂ ਦਾ ਇਹ ਪਹਿਲਾਂ ਵੱਡਾ ਅਤੇ ਇੰਟਰਨੈਸ਼ਨਲ ਪਬਲਿਕ ਅਪੀਰੈਂਸ।
ਇੰਨ੍ਹਾਂ ਤੋਂ ਇਲਾਵਾ ਜੋ ਇਸ ਸ਼ੋਅਜ ਲੜ੍ਹੀ ਦਾ ਅਗਲਾ ਨਾਂਅ ਹੈ, ਉਹ ਹੈ ਭਾਵਨਾ ਪਾਂਡੇ ਦਾ, ਜੋ ਚੰਕੀ ਪਾਂਡੇ ਦੀ ਪਤਨੀ, ਅਨੰਨਿਆ ਪਾਂਡੇ ਦੀ ਮਾਂ ਅਤੇ ਗਲੈਮਰ ਦੀ ਦੁਨੀਆ ਦਾ ਚਰਚਿਤ ਚਿਹਰੇ ਵਜੋਂ ਵੀ ਆਪਣੀ ਮੌਜੂਦਗੀ ਦਾ ਇਜ਼ਹਾਰ ਅਕਸਰ ਫਿਲਮੀ ਪਾਰਟੀਆਂ ਅਤੇ ਸਮਾਰੋਹਾਂ ਵਿਚ ਕਰਵਾਉਂਦੀ ਰਹਿੰਦੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇੰਟਰਨੈਸ਼ਨਲ ਪੱਧਰ 'ਤੇ ਆਯੋਜਿਤ ਹੋਣ ਜਾ ਰਹੇ ਉਕਤ ਸ਼ੋਅਜ ਦੁਆਰਾ ਪਹਿਲੀ ਵਾਰ ਇਹ ਚਾਰੋਂ ਹਸੀਨਾਵਾਂ ਇੱਕੋ ਮੰਚ 'ਤੇ ਇਕੱਠਿਆਂ ਨਜ਼ਰ ਆਉਣਗੀਆਂ, ਜੋ ਲਾਈਵ ਪ੍ਰੋਗਰਾਮਾਂ ਅਧੀਨ ਦਰਸ਼ਕਾਂ ਦੇ ਰੂਬਰੂ ਹੋਣਗੀਆਂ।