ਚੰਡੀਗੜ੍ਹ: ਲੰਦਨ ਵਿਖੇ ਫਿਲਮਾਂ ਦੀ ਸ਼ੂਟਿੰਗ ਦਾ ਸਿਲਸਿਲਾ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਆਉਣ ਵਾਲੀ ਪੰਜਾਬੀ ਫਿਲਮ ‘ਬਰਾਊਨ ਬਾਬੇ’ ਦੀ ਟੀਮ ਵੀ ਇੱਥੇ ਪੁੱਜ ਚੁੱਕੀ ਹੈ, ਜਿਸ ਵਿਚ ਸਰਦਾਰ ਸੋਹੀ, ਗੁਰਮੀਤ ਸਾਜਨ ਜਿਹੇ ਮੰਝੇ ਹੋਏ ਕਲਾਕਾਰ ਵੀ ਸ਼ਾਮਿਲ ਹਨ।
ਇਸ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਪ੍ਰਵੀਨ ਕੁਮਾਰ ਕਰ ਰਹੇ ਹਨ, ਜੋ ਹਾਲ ਹੀ ਵਿਚ ‘ਨੀ ਮੈਂ ਸੱਸ ਕੁੱਟਣੀ’ ਜਿਹੀ ਸੁਪਰਹਿੱਟ ਅਤੇ ਦਿਲਚਸਪ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ। ਲੰਦਨ ਅਤੇ ਹੋਰ ਵੱਖ ਵੱਖ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਮਨੀ ਧਾਲੀਵਾਲ ਹਨ, ਜੋ ਇਸ ਤੋਂ ਪਹਿਲਾਂ ਕੁਲਵਿੰਦਰ ਬਿੱਲਾ ਸਟਾਰਰ 'ਪ੍ਰਾਹੁਣਾ', ਗਿੱਪੀ ਗਰੇਵਾਲ ਦੀ ਮਲਟੀਸਟਾਰਰ 'ਪਾਣੀ ’ਚ ਮਧਾਣੀ' ਆਦਿ ਜਿਹੀਆਂ ਕਈਆਂ ਵੱਡੀਆਂ ਫਿਲਮਾਂ ਨਾਲ ਜੁੜ੍ਹੇ ਰਹੇ ਹਨ।
ਮੂਲ ਰੂਪ ਵਿਚ ਫਿਲੌਰ ਜਲੰਧਰ ਨਾਲ ਤਾਲੁਕ ਰੱਖਦੇ ਇਹ ਹੋਣਹਾਰ ਫਿਲਮ ਨਿਰਮਾਣਕਾਰ ਆਪਣੇ ਜੀਵਨ ਅਤੇ ਫਿਲਮ ਕਰੀਅਰ ਬਾਰੇ ਦੱਸਦੇ ਹਨ ਕਿ ਉਨਾਂ ਦਾ ਪਰਿਵਾਰ ਉਨ੍ਹਾਂ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਅਤੇ ਉਨਾਂ ਦੀ ਇੱਛਾ ਦਾ ਸਤਿਕਾਰ ਕਰਦਿਆਂ ਉਹ ਇੱਥੇ ਆ ਤਾਂ ਗਏ ਪਰ ਉਨ੍ਹਾਂ ਦਾ ਮਨ ਹਮੇਸ਼ਾ ਆਪਣੇ ਵਤਨ ਅਤੇ ਮਿੱਟੀ ਲਈ ਕੁਝ ਨਾ ਕੁਝ ਕਰਨ ਲਈ ਲੋਚਦਾ ਰਹਿੰਦਾ ਹੈ ਅਤੇ ਇਸੇ ਦੇ ਚਲਦਿਆਂ ਉਹ ਗਾਹੇ-ਬਗਾਹੇ ਪੰਜਾਬੀ ਫਿਲਮਾਂ ਦਾ ਨਿਰਮਾਣ ਕਰਕੇ ਪੰਜਾਬੀਅਤ ਅਤੇ ਇਸ ਨਾਲ ਜੁੜੀਆਂ ਵੰਨਗੀਆਂ ਦੀ ਪ੍ਰਫੁੱਲਤਾ ਪ੍ਰਤੀ ਆਪਣਾ ਫ਼ਰਜ਼ ਲਗਾਤਾਰ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਉਨ੍ਹਾਂ ਦਾ ਇਰਾਦਾ ਕੁਝ ਅਜਿਹੀਆਂ ਪ੍ਰਯੋਗਾਮਾਤਮਕ ਫਿਲਮਾਂ ਬਣਾਉਣ ਦਾ ਵੀ ਹੈ, ਜਿਸ ਨਾਲ ਪੰਜਾਬ ਦੇ ਅਸਲ ਵਿਰਸੇ ਨੂੰ ਜਿਉਂਦਿਆਂ ਰੱਖਣ ਦੇ ਨਾਲ-ਨਾਲ ਦਰਸ਼ਕਾਂ ਖਾਸ ਕਰ ਆਪਣੀਆਂ ਕਦਰਾਂ-ਕੀਮਤਾਂ ਅਤੇ ਆਪਸੀ ਸਾਂਝਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੁਰਾਤਨ ਰੰਗਾਂ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਉਹਨਾਂ ਦੀ ਫਿਲਮ ‘ਬਰਾਊਨ ਬਾਬੇ’ ਬਹੁਤ ਹੀ ਦਿਲਚਸਪ ਵਿਸ਼ੇ ਦੁਆਲੇ ਕੇਂਦਰਿਤ ਹੈ, ਜਿਸ ਵਿਚ ਕਾਮੇਡੀ ਤੋਂ ਲੈ ਕੇ ਪਰਿਵਾਰਿਕ ਭਾਵਨਾਤਮਕਤਾ ਅਤੇ ਪਿਆਰ ਸਨੇਹ ਨਾਲ ਭਰੇ ਹਰ ਪੱਖ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਫਿਲਮ ਟੀਮ ਅਨੁਸਾਰ ਸ਼ੂਟਿੰਗ ਬਹੁਤ ਹੀ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ, ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਪ੍ਰਕਾਸ਼ ਗਾਧੂ, ਦੀਦਾਰ ਗਿੱਲ, ਗੁਰਿੰਦਰ ਮਕਨਾ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।