ਚੰਡੀਗੜ੍ਹ: ਮਸ਼ਹੂਰ ਬੈਨਰ ਹੇਠ ਬਣਾਈ ਜਾ ਰਹੀ ਆਉਣ ਵਾਲੀ ਪੰਜਾਬੀ ਫਿਲਮ ‘ਰੋਡੇ ਕਾਲਜ’ ਦੀ ਸ਼ੂਟਿੰਗ ਮੋਗਾ, ਬਾਘਾਪੁਰਾਣਾ ਦੇ ਆਸਪਾਸ ਵਾਲੇ ਇਲਾਕਿਆਂ ਵਿੱਚ ਸੰਪੂਰਨ ਕਰ ਲਈ ਗਈ ਹੈ, ਜਿਸ ਦੀ ਰਿਲੀਜ਼ਿੰਗ ਮਿਤੀ ਅਤੇ ਪਹਿਲੇ ਲੁੱਕ ਦਾ ਰਸਮੀ ਐਲਾਨ ਜਲਦ ਕੀਤਾ ਜਾਵੇਗਾ। ਹਾਲ ਹੀ ਵਿਚ ਆਈ ਚਰਚਿਤ ਅਤੇ ਅਰਥਭਰਪੂਰ ਪੰਜਾਬੀ ਫਿਲਮ ‘ਥਾਣਾ ਸਦਰ’ ਦਾ ਲੇਖਣ ਕਰ ਚੁੱਕੇ ਹੈਪੀ ਰੋਡੇ ਇਸ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਆਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੀ ਟੀਮ ਅਨੁਸਾਰ ‘ਬਲਕਾਰ ਮੋਸ਼ਨ ਪਿਕਚਰਜ਼’ ਅਤੇ ‘ਤਹਿਜ਼ੀਬ ਫਿਲਮਜ਼’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿਚ ਮਾਨਵ ਵਿਜ ਅਤੇ ਯੋਗਰਾਜ ਸਿੰਘ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਮੰਨੇ ਪ੍ਰਮੰਨੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਜਿਸ ਕਾਰਨ ਇਹ ਫਿਲਮ ਜ਼ਰੂਰ ਮੀਲ ਪੱਥਰ ਸਥਾਪਿਤ ਕਰਨ ਵਿੱਚ ਸਫ਼ਲ ਹੋਵੇਗੀ।
ਹੈਪੀ ਰੋਡੇ ਨੇ ਦੱਸਿਆ ਕਿ ਦੁਨੀਆ ਭਰ ਵਿਚ ਵੱਸਦੇ ਪੰਜਾਬੀਆਂ ਦੇ ਮਨ੍ਹਾਂ ਵਿਚ ਸਤਿਕਾਰਿਤ ਵਜੂਦ ਰੱਖਦੇ ਬਾਘਾਪੁਰਾਣਾ ਨੇੜਲੇ ‘ਰੋਡੇ ਕਾਲਜ’ ਅਤੇ ਇਸ ਨਾਲ ਜੁੜ੍ਹੀਆਂ ਕਾਲਜੀ ਪਰਸਥਿਤੀਆਂ ਨੂੰ ਕੇਂਦਰਬਿੰਦੂ ਰੱਖ ਕੇ ਬੁਣੀ ਗਈ ਇਹ ਫਿਲਮ ਇਸ ਕਾਲਜ ਨਾਲ ਜੁੜ੍ਹੇ ਰਹੇ ਹਰ ਨੌਜਵਾਨ ਦੀਆਂ ਪੁਰਾਣੀਆਂ ਯਾਦਾਂ ਨੂੰ ਮੁੜ ਤੋਂ ਜੀਵੰਤ ਕਰੇਗੀ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਸਰਕਾਰੀ ਕਾਲਜਾਂ ਵਿਚੋਂ ਮੋਹਰੀ ਨਾਂਅ ਵਜੋਂ ਅੱਜ ਵੀ ਜਾਣੇ ਜਾਂਦੇ ਇਸ ਕਾਲਜ ਵਿਚੋਂ ਪੜ੍ਹੇ ਬੇਸ਼ੁਮਾਰ ਨੌਜਵਾਨ ਅੱਜ ਦੇਸ਼, ਵਿਦੇਸ਼ ਵਿਚ ਪੰਜਾਬੀਅਤ ਦਾ ਨਾਅ ਰੌਸ਼ਨਾਉਣ ਵਿਚ ਸਫ਼ਲ ਰਹੇ ਹਨ। ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਤਕਨੀਸ਼ਨਾਂ ਦੀ ਟੀਮ ਆਧਾਰਿਤ ਇਸ ਫਿਲਮ ਦੇ ਕੈਮਰਾਮੈਨ ਦੀਆਂ ਜਿੰਮੇਵਾਰੀਆਂ ਪ੍ਰੀਕਸ਼ਤ ਸਾਹਨੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ, ਪੰਜਾਬੀ ਫਿਲਮਾਂ ਵਿਚ ਆਪਣੀ ਬੇਮਿਸਾਲ ਸਿਨੇਮਾਟੋਗ੍ਰਾਫ਼ੀ ਦਾ ਇਜ਼ਹਾਰ ਕਰਵਾ ਚੁੱਕੇ ਹਨ।
ਫਿਲਮ ਟੀਮ ਅਨੁਸਾਰ ਇਸ ਫਿਲਮ ਵਿਚ ਮੰਨੇ ਪ੍ਰਮੰਨੇ ਕਲਾਕਾਰਾਂ ਦੇ ਨਾਲ ਨਾਲ ਕੁਝ ਕਰ ਗੁਜ਼ਰਨ ਲਈ ਜਨੂੰਨੀਅਤ ਨਾਲ ਯਤਨਸ਼ੀਲ ਨਵੇਂ ਚਿਹਰਿਆਂ ਨੂੰ ਵੀ ਪੂਰਾ ਮੌਕਾ ਦਿੱਤਾ ਜਾ ਰਿਹਾ ਹੈ, ਕਿਉਂਕਿ ਮਾਲਵਾ ਖਿੱਤੇ ਨਾਲ ਜੁੜੇ ਨੌਜਵਾਨਾਂ ਲਈ ਇਸ ਖੇਤਰ ਵਿਚ ਬੇਹਤਰੀਨ ਪਲੇਟਫ਼ਾਰਮ ਹਾਸਿਲ ਕਰ ਪਾਉਣਾ ਕਦੇ ਵੀ ਸੁਖਾਲਾ ਨਹੀਂ ਰਿਹਾ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਫਿਲਮ ਨਾਲ ਅਜਿਹੇ ਕਈ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਮਿਲਣਗੇ। ਪੰਜਾਬੀ ਸਿਨੇਮਾ ਗਲਿਆਰਿਆਂ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਸ਼ੂਟਿੰਗ ਸਮਾਪਤੀ ਉਪਰੰਤ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਨਾਲੋਂ ਨਾਲ ਸ਼ੁਰੂ ਕਰ ਦਿੱਤੇ ਗਏ ਹਨ, ਜਿੰਨ੍ਹਾਂ ਦੇ ਪੂਰਾ ਹੁੰਦਿਆਂ ਹੀ ਇਸ ਫ਼ਿਲਮ ਦੇ ਪਹਿਲੇ ਲੁੱਕ ਅਤੇ ਰਿਲੀਜਿੰਗ ਮਿਤੀ ਦੀ ਰਸਮੀ ਘੋਸ਼ਣਾ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Amrit Kaur Dhillon: ਜਲਦ ਹੀ ਪਾਲੀਵੁੱਡ 'ਚ ਡੈਬਿਊ ਕਰੇਗੀ ਪੰਜਾਬ ਦੀ ਖੂਬਸੂਰਤ ਹੁਸੀਨਾ ਅੰਮ੍ਰਿਤ ਕੌਰ ਢਿੱਲੋਂ