ਚੰਡੀਗੜ੍ਹ: ਹਿੰਦੀ ਅਤੇ ਤੇਲਗੂ ਭਾਸ਼ਾ ਵਿਚ ਬਣ ਰਹੀ ਅਤੇ ਅਗਲੇ ਵਰ੍ਹੇ 2024 ਦੀਆਂ ਸਭ ਤੋਂ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚੋਂ ਸ਼ੁਮਾਰ ਕਰਵਾਉਂਦੀ ਬਹੁ-ਚਰਚਿਤ ਫਿਲਮ ’ਦੇਵਰਾ’ ’ਚ ਸੈਫ ਅਲੀ ਖਾਨ ਦੇ ਕਿਰਦਾਰ ’ਭੈਰਾ’ ਦਾ ਖੁਲਾਸਾ ਕਰ ਦਿੱਤਾ ਗਿਆ ਹੈ, ਜਿਸ ਨੂੰ ਦੱਖਣੀ ਭਾਰਤੀ ਸਿਨੇਮਾ ਦੇ ਉਚਕੋਟੀ ਨਿਰਦੇਸ਼ਕਾਂ ਵਿਚ ਪਹਿਚਾਣ ਕਾਇਮ ਕਰ ਚੁੱਕੇ ਕੋਰਤਾਲਾ ਸਿਵਾ ਦੁਆਰਾ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।
ਪੈਨ ਇੰਡੀਆਂ ਪੱਧਰ 'ਤੇ ਆਪਣਾ ਆਧਾਰ ਕਾਇਮ ਕਰ ਰਹੀਆਂ ਭਾਰਤੀ ਅਤੇ ਸਾਊਥ ਫਿਲਮਜ਼ ਦੇ ਵੱਡੇ ਸਿਤਾਰੇ ਮੰਨੇ ਜਾਂਦੇ ਮੈਨ ਆਫ ਮੈਸੇਸ ਜੂਨੀਅਰ ਸਟਾਰਰ ਉਕਤ ਫਿਲਮ ਆਪਣੀ ਘੋਸ਼ਣਾ ਤੋਂ ਬਾਅਦ ਤੋਂ ਹੀ ਅੰਤਰਰਾਸ਼ਟਰੀ ਸਿਨੇਮਾ ਗਲਿਆਰਿਆਂ ਵਿਚ ਸੁਰਖੀਆਂ ਦਾ ਕੇਂਦਰਬਿੰਦੂ ਬਣ ਰਹੀ ਹੈ, ਜੋ ‘ਬਾਹੂਬਾਲੀ’, ਪੁਸ਼ਪਾ ਦਾ ਰਾਈਜ਼, ‘ਕੇਜੀਐਫ਼’ ਸੀਰੀਜ਼, ‘ਆਰਆਰਆਰ’ ਆਦਿ ਫਿਲਮਾਂ ਤੋਂ ਬਾਅਦ ਸਭ ਤੋਂ ਵੱਡੇ ਬਜਟ ਵਾਲੀਆਂ ਫਿਲਮਾਂ ਵਜੋਂ ਸਾਹਮਣੇ ਆਉਣ ਜਾ ਰਹੀ ਹੈ।
ਫਿਲਮ ਵਿਚ ਸੈਫ਼ ਅਲੀ ਖ਼ਾਨ ਬਹੁਤ ਹੀ ਪ੍ਰਭਾਵੀ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਹਿੰਦੀ ਸਿਨੇਮਾ ਦਾ ਇਕ ਹੋਰ ਜਾਣਿਆਂ ਪਛਾਣਿਆਂ ਅਤੇ ਸਫ਼ਲ ਚਿਹਰਾ ਜਾਹਨਵੀ ਕਪੂਰ ਵੀ ਇਸ ਫਿਲਮ ਦੁਆਰਾ ਬਹੁ-ਭਾਸ਼ਾਈ ਸਿਨੇਮਾ ਵਿਚ ਆਪਣਾ ਆਧਾਰ ਦਾਇਰ ਵਿਸ਼ਾਲ ਕਰਨ ਜਾ ਰਹੀ ਹੈ। ਫਿਲਮ ਵਿਚਲੇ ਅਹਿਮ ਪਹਿਲੂਆਂ ਦਾ ਖੁਲਾਸਾ ਕਰਦਿਆਂ ਫਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਹਾਲ ਦੀਆਂ ਕਈ ਹਿੰਦੀ ਫਿਲਮਾਂ ਵਿਚ ਸ਼ਾਨਦਾਰ ਭੂਮਿਕਾਵਾਂ ਨਿਭਾ ਚੁੱਕੇ ਅਦਾਕਾਰ ਸੈਫ ਅਲੀ ਖਾਨ ਦੇ ਕਰੀਅਰ ਲਈ ਇਹ ਫਿਲਮ ਇਕ ਹੋਰ ਮੀਲ ਪੱਥਰ ਵਾਂਗ ਸਾਬਿਤ ਹੋਵੇਗੀ, ਜੋ ਉਨਾਂ ਨੂੰ ਮਾਇਆਨਗਰੀ ਗਲਿਆਰਿਆਂ ਵਿਚ ਇਕ ਹੋਰ ਉਮਦਾ ਪਹਿਚਾਣ ਅਤੇ ਪੈਨ ਇੰਡੀਆਂ ਸਿਤਾਰੇ ਵਜੋਂ ਰੁਤਬਾ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਉਨ੍ਹਾਂ ਦੱਸਿਆ ਕਿ ‘ਯੁਵਸੁਧਾ ਆਰਟਸ’ ਅਤੇ ‘ਐਨਟੀਆਰ ਆਰਟਸ’ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਨੂੰ ਨੰਦਾਮੁਰੀ ਕਲਿਆਣਾ ਰਾਮ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ, ਜੋ 5 ਅਪ੍ਰੈਲ 2024 ਨੂੰ ਦੁਨੀਆਭਰ ਵਿਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਟੀਮ ਅਨੁਸਾਰ ਹਿੰਦੀ ਅਤੇ ਤੇਲਗੂ ਸਿਨੇਮਾ ਦੀਆਂ ਆਗਾਮੀ ਸਮੇਂ ਰਿਲੀਜ਼ ਹੋਣ ਵਾਲੀਆਂ ਆਲੀਸ਼ਾਨ ਫਿਲਮਾਂ ਵਿਚ ਸ਼ਾਮਿਲ ਹੋ ਚੁੱਕੀ ਇਸ ਫਿਲਮ ਦਾ ਸੰਗੀਤ ਅਨਿਰੁਧ ਰਵੀਚੰਦਰ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ਰ ਹਨ ਆਰ ਰਥਨਾਵੇਲੂ ਅਤੇ ਸੰਪਾਦਕ ਦੀਆਂ ਜਿੰਮੇਵਾਰੀਆਂ ਸ਼੍ਰੀਕਰ ਪ੍ਰਸ਼ਾਦ ਨਿਭਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਆਦਾਤਰ ਮੇਨ ਸਟਰੀਮ ਫਿਲਮਾਂ ਦਾ ਹਿੱਸਾ ਰਹੀ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੇ ਕਰੀਅਰ ਨੂੰ ਵੀ ਇਹ ਫਿਲਮ ਨਵਾਂ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਜਾ ਰਹੀ ਹੈ, ਜਿੰਨ੍ਹਾਂ ਨੂੰ ਦਰਸ਼ਕ ਇਸ ਫਿਲਮ ਦੁਆਰਾ ਇਕ ਬਿਲਕੁਲ ਅਲਹਦਾ ਅਤੇ ਅਮਿਟ ਛਾਪ ਛੱਡਣ ਵਾਲੇ ਕਿਰਦਾਰ ਵਿਚ ਵੇਖਣਗੇ।
ਹੈਦਰਾਬਾਦ ਦੇ ਰਾਮਾਜੀ ਰਾਓ ਸਟੂਡਿਓਜ਼ ਤੋਂ ਇਲਾਵਾ ਉਥੋਂ ਦੇ ਆਸਪਾਸ ਦੀਆਂ ਹੋਰ ਕਈ ਮਨਮੋਹਕ ਲੋਕੇਸ਼ਨਜ਼ 'ਤੇ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਇਹ ਫਿਲਮ ਆਲਮੀ ਪੱਧਰ 'ਤੇ ਦਰਸ਼ਕਾਂ ਦੀ ਉਤਸੁਕਤਾ ਜਗਾਉਣ ਵਿਚ ਸਫ਼ਲ ਰਹੀ ਹੈ, ਜਿਸ ਦਾ ਇੰਤਜ਼ਾਰ ਸ਼ਿੱਦਤ ਨਾਲ ਕੀਤਾ ਜਾ ਰਿਹਾ ਹੈ।