ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸੁਰਜੀਤ ਭੁੱਲਰ ਇੱਕ ਅਜਿਹਾ ਨਾਂਅ ਬਣ ਚੁੱਕੇ ਹਨ, ਜਿੰਨਾਂ ਦਾ ਹਰ ਗਾਣਾ ਸਰੋਤਿਆਂ ਅਤੇ ਦਰਸ਼ਕਾਂ ਨੂੰ ਇੱਕ ਵੱਖਰੇ ਹੀ ਸੰਗੀਤਕ ਰੰਗ ਵਿੱਚ ਰੰਗ ਜਾਂਦਾ ਹੈ, ਜਿਸ ਦਾ ਹੀ ਇੱਕ ਵਾਰ ਫਿਰ ਨਿਵੇਕਲਾ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੇ ਹਨ ਇਹ ਬਾਕਮਾਲ ਅਤੇ ਸੁਰੀਲੇ ਗਾਇਕ, ਜੋ ਆਪਣਾ ਨਵਾਂ ਸੰਗੀਤਕ ਟਰੈਕ 'ਤੇਰੀ ਮੇਹਰਬਾਨੀ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦੀ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਬੁਲ 18' ਸੰਗੀਤਕ ਲੇਬਲ ਹੇਠ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਟਰੈਕ ਦਾ ਮਿਊਜ਼ਿਕ ਮਿਸਤਾ ਬਾਜ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਬਿੱਟੂ ਚੀਮਾ ਨੇ ਰਚੇ ਹਨ ਅਤੇ ਇਸ ਦੇ ਪ੍ਰੋਜੈਕਟ ਮੈਨੇਜਰ ਜਸਵਿੰਦਰ ਸਿੰਘ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਮਕਬੂਲ ਅਤੇ ਕਾਮਯਾਬ ਗਾਣੇ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਨਿਰਮਾਤਾ ਅਜੇ ਭੁੱਲਰ ਹਨ, ਜਿੰਨਾਂ ਅਨੁਸਾਰ ਗਾਣੇ ਦੇ ਉਮਦਾ ਮਿਊਜ਼ਿਕਲ ਲੁੱਕ ਦੀ ਤਰ੍ਹਾਂ ਇਸਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਅਤੇ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਬਹੁਤ ਹੀ ਖੂਬਸੂਰਤ ਲੋਕੇਸ਼ਨਜ਼ ਉਪਰ ਸ਼ੂਟ ਕੀਤਾ ਗਿਆ ਹੈ, ਜੋ ਦਰਸ਼ਕਾਂ ਦੀ ਪਸੰਦ ਕਸਵੱਟੀ 'ਤੇ ਖਰੇ ਉਤਰਨ ਦੀ ਪੂਰਨ ਸਮਰੱਥਾ ਰੱਖਦਾ ਹੈ।
ਉਨਾਂ ਅੱਗੇ ਦੱਸਿਆ ਕਿ ਆਪਣੇ ਹਰ ਗਾਣੇ ਨੂੰ ਅਲਹਦਾ ਰੰਗ ਦਿੰਦੇ ਆ ਰਹੇ ਸੁਰਜੀਤ ਭੁੱਲਰ ਵੱਲੋਂ ਇਸ ਗਾਣੇ ਨੂੰ ਵੀ ਬੇਹੱਦ ਨਵੇਂ ਅਤੇ ਨਿਵੇਕਲੇ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਇਸ ਵਾਰ ਹੋਰ ਸੰਗੀਤਕ ਤਰੋਤਾਜ਼ਗੀ ਦਾ ਅਹਿਸਾਸ ਸੁਣਨ ਵਾਲਿਆਂ ਨੂੰ ਕਰਵਾਏਗਾ। ਪੰਜਾਬ ਦੇ ਵਿੱਚ ਉੱਚਕੋਟੀ ਅਤੇ ਕਾਮਯਾਬ ਗਾਇਕਾ ਵਿੱਚ ਆਪਣੀ ਸ਼ਾਨਦਾਰ ਅਤੇ ਪ੍ਰਭਾਵੀ ਮੌਜੂਦਗੀ ਲਗਾਤਾਰ ਦਰਜ ਕਰਵਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜਿੰਨਾਂ ਦੇ ਹਾਲੀਆ ਸਮੇਂ ਜਾਰੀ ਹੋਏ ਕਈ ਗਾਣੇ ਨੂੰ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ, ਜਿੰਨਾਂ ਵਿੱਚ ਸਫਲ ਮਹਾਨ ਗੁਰੂਆਂ-ਪੀਰਾਂ-ਪੈਗੰਬਰਾਂ ਅਤੇ ਸ਼ੂਰਵੀਰਾਂ ਨੂੰ ਸਮਰਪਿਤ ਧਾਰਮਿਕ ਗੀਤ 'ਤਕਦੀਰ' ਤੋਂ ਇਲਾਵਾ 'ਫਾਇਰ', 'ਜਾਨੇ ਮੇਰੀਏ' ਆਦਿ ਸ਼ੁਮਾਰ ਰਹੇ ਹਨ।
ਆਪਣੀਆਂ ਅਗਾਮੀ ਸੰਗੀਤਕ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਬਿਹਤਰੀਨ ਗਾਇਕ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੁਝ ਹੋਰ ਅਲਹਦਾ ਸੰਗੀਤਕ ਰੰਗਾਂ ਨਾਲ ਰੰਗੇ ਗਾਣੇ ਵੀ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਗੇ, ਜਿੰਨਾਂ ਵਿੱਚ ਦੋਗਾਣਾ ਦੇ ਨਾਲ-ਨਾਲ ਸੋਲੋ ਵੀ ਸ਼ਾਮਿਲ ਰਹਿਣਗੇ।