ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਇਸ ਨਾਲ ਜੁੜੇ ਕਲਾਕਾਰਾਂ ਆਧਾਰਿਤ ਪਫ਼ਟਾ ਵੱਲੋਂ ਕੌਮਾਂਤਰੀ ਪੰਜਾਬੀ ਸਿਨੇਮਾ ਦਿਵਸ ਦੇ ਅਵਸਰ 'ਤੇ 29 ਮਾਰਚ ਨੂੰ ਇਕ ਵਿਸ਼ੇਸ਼ ਸਮਾਰੋਹ ਦਾ ਆਯੋਜਨ ਚੰਡੀਗੜ੍ਹ ਯੂਨੀਵਰਸਿਟੀ ਘੜ੍ਹੰਆਂ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿਚ ਇਸ ਸਿਨੇਮਾ ਨਾਲ ਜੁੜੀਆਂ ਨਾਮਵਰ ਸ਼ਖ਼ਸ਼ੀਅਤਾਂ ਸ਼ਾਮਿਲ ਹੋਣਗੀਆਂ।
ਪੰਜਾਬੀ ਫ਼ਿਲਮ ਐਂਡ ਟੀ.ਵੀ ਐਕਟਰਜ਼ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਵੱਡੇ ਪੱਧਰ 'ਤੇ ਕਰਵਾਏ ਜਾ ਰਹੇ ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾਂ ਪ੍ਰਮੁੱਖ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਗੁੱਗੂ ਗਿੱਲ, ਸ਼ਵਿੰਦਰ ਮਾਹਲ ਆਦਿ ਕਰਨਗੇ।
ਸਮਾਰੋਹ ਦੀ ਰੂਪਰੇਖ਼ਾ ਅਤੇ ਇਸ ਨਾਲ ਜੁੜੇ ਪਿਛੋਕੜ੍ਹ ਸੰਬੰਧੀ ਜਾਣਕਾਰੀ ਦਿੰਦਿਆ ਸੰਸਥਾ ਨੁਮਾਇੰਦਿਆਂ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਪਹਿਲੀ ਫ਼ਿਲਮ ‘ਇਸ਼ਕ ਏ ਪੰਜਾਬ ਉਰਫ਼ ਮਿਰਜ਼ਾ ਸਾਹਿਬਾ’ ਨਿਰੰਜਨ ਟਾਕੀਜ਼ ਸ੍ਰੀ ਅੰਮ੍ਰਿਤਸਰ ਵਿਖੇ 29 ਮਾਰਚ 1935 ਨੂੰ ਰਿਲੀਜ਼ ਹੋਈ ਸੀ, ਜਿਸ ਨੇ ਇਸ ਸਿਨੇਮਾ ਦਾ ਮੁੱਢ ਹੀ ਨਹੀਂ ਬੰਨਿਆਂ ਸਗੋਂ ਇਸ ਪੜ੍ਹਾਅ ਨੇ ਹੀ ਪੰਜਾਬੀ ਸਿਨੇਮਾ ਨੂੰ ਸੁਨਿਹਰੇ ਦੌਰ ਜਿਹੀਆਂ ਕਈ ਮਾਣਮੱਤੀਆਂ ਪ੍ਰਾਪਤੀਆਂ ਦਾ ਵੀ ਹਾਣੀ ਬਣਾਇਆ।
ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਮਾਰੀ ਜਾਵੇ ਤਾਂ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਨ, ਬਾਨ, ਸ਼ਾਨ ਦਿਵਾਉਣ ਵਿਚ ‘ਚੌਧਰੀ ਕਰਨੈਲ ਸਿੰਘ’, ‘ਹੀਰ ਸਿਆਲ’, ‘ਗੁਲ ਮਕੋਲੀ’, ‘ਮਿਰਜ਼ਾ ਸਾਹਿਬਾ’ , ‘ਨਾਨਕ ਨਾਮ ਜ਼ਹਾਜ਼ ਹੈ’, ਚੰਨ ਪ੍ਰਦੇਸ਼ੀ, ਲੋਂਗ ਦਾ ਲਿਸ਼ਕਾਰਾ, ‘ਉੱਚਾ ਦਰ ਬਾਬੇ ਨਾਨਕ ਦਾ’, ਸ਼ਹੀਦ ਏ ਮੁਹੱਬਤ ਬੂਟਾ ਸਿੰਘ, ਵਾਰਿਸ਼ ਸ਼ਾਹ ਤੋਂ ਲੈ ਕੇ ‘ਜੀ ਆਇਆ ਨੂੰ’ , ‘ਨਸੀਬੋ’ , ‘ਅੰਗਰੇਜ਼’ , ‘ਪੰਜਾਬ 1984’ ਆਦਿ ਜਿਹੀਆਂ ਬੇਸ਼ੁਮਾਰ ਫ਼ਿਲਮਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਉਨ੍ਹਾਂ ਕਿਹਾ ਕਿ ਇਸੇ ਸ਼ਾਨਮੱਤੀ ਪੰਜਾਬੀ ਸਿਨੇਮਾ ਲੜ੍ਹੀ ਦੀ ਯਾਦ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਮਨ੍ਹਾਂ ਵਿਚ ਤਾਜ਼ਾ ਰੱਖਣ ਲਈ ‘ਪਫ਼ਟਾ’ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਉਕਤ ਸਮਾਰੋਹ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਪੰਜਾਬੀ ਸਿਨੇਮਾ ਦੀ ਤਰੱਕੀ ਅਤੇ ਇਸ ਨੂੰ ਉਭਾਰਨ ਵਿਚ ਯੋਗਦਾਨ ਦੇ ਰਹੀਆਂ ਸ਼ਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ਦੌਰਾਨ ਮਿਆਰੀ ਪੰਜਾਬੀ ਫ਼ਿਲਮਾਂ ਦੀ ਪੇਸ਼ਕਾਰੀ ਅਤੇ ਇਸ ਸਿਨੇਮਾਂ ਖੇਤਰ ਵਿਚ ਆਉਂਦੇ ਦਿਨ੍ਹੀਂ ਕੀਤੇ ਜਾ ਸਕਦੇ ਹੋਰ ਪ੍ਰਭਾਵੀ ਉਪਰਾਲਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।
ਮਾਰਚ ਅੰਤ ਵਿਚ ਆਯੋਜਿਤ ਕਰਵਾਏ ਜਾ ਰਹੇ ਇਸ ਸਮਾਰੋਹ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਅੰਜ਼ਾਮ ਦਿੱਤੀਆਂ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਸਫ਼ਲਤਾਪੂਰਵਕ ਨੇਪਰ੍ਹੇ ਚਾੜ੍ਹਨ ਵਿਚ ਜੋ ਸਿਨੇਮਾ ਹਸਤੀਆਂ ਕਾਰਜਸ਼ੀਲ ਹਨ, ਉਨ੍ਹਾਂ ਵਿਚ ਭਾਰਤ ਭੂਸ਼ਨ ਵਰਮਾ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਰਾਜ ਧਾਲੀਵਾਲ, ਪਰਮਜੀਤ ਭੰਗੂ, ਦਰਸ਼ਨ ਔਲਖ, ਪਰਮਵੀਰ ਸਿੰਘ ਆਦਿ ਵੀ ਸ਼ਾਮਿਲ ਹਨ।
ਇਹ ਵੀ ਪੜ੍ਹੋ:Emraan Hashmi Birthday: 'ਤੂੰ ਹੀ ਮੇਰੀ ਸ਼ਬ ਹੈ' ਤੋਂ 'ਲੁਟ ਗਏ' ਤੱਕ, ਦੇਖੋ ਇਮਰਾਨ ਹਾਸ਼ਮੀ ਦੇ ਕੁੱਝ ਰੋਮਾਂਟਿਕ ਗੀਤ