ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਨਾਂਅ ਬਣ ਚੁੱਕੀ ਹੈ ਨੌਜਵਾਨ ਗਾਇਕਾ ਸੋਨੀ ਮਾਨ, ਜਿਸ ਵੱਲੋਂ ਆਪਣਾ ਨਵਾਂ ਟਰੈਕ 'ਅਸੀਂ ਤੇਰੇ ਆ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ, ਜਿਸ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
'ਵੈਸਟ ਸਟੂਡਿਓ ਦੇ ਲੇਬਲ ਅਤੇ ਰਣਬੀਰ ਬਾਠ' ਵੱਲੋਂ ਪੇਸ਼ ਅਤੇ ਨਿਰਮਿਤ ਕੀਤੇ ਗਏ ਇਸ ਗਾਣੇ ਨੂੰ ਆਵਾਜ਼ ਸੋਨੀ ਮਾਨ ਨੇ ਦਿੱਤੀ ਹੈ, ਜਦਕਿ ਗੀਤ ਅਤੇ ਸ਼ਾਇਰੀ ਗੁਰਵਿੰਦਰ ਸਿੱਧੂ ਦੀ ਹੈ ਅਤੇ ਸੰਗੀਤ ਮਨੀ ਭਵਾਨੀਗੜ੍ਹ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ।
ਉਕਤ ਗਾਣੇ ਦੀ ਟੀਮ ਅਨੁਸਾਰ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਪ੍ਰੋਜੈਕਟ ਹੈਡ ਹਰਪ੍ਰੀਤ ਸਿੰਘ ਅਤੇ ਨਿਰਮਾਤਾ ਰਣਵੀਰ ਬਾਠ ਅਤੇ ਰਣਜੋਧ ਬਾਠ ਹਨ, ਜਿੰਨਾਂ ਵੱਲੋਂ ਇਸ ਗਾਣੇ ਨੂੰ ਬਹੁਤ ਹੀ ਸ਼ਾਨਦਾਰ ਪੱਧਰ 'ਤੇ ਦੇਸ਼-ਵਿਦੇਸ਼ ਵਿੱਚ ਜਾਰੀ ਗਿਆ ਹੈ।
- " class="align-text-top noRightClick twitterSection" data="">
ਨਿੱਕੀ ਉਮਰੇ ਸੰਗੀਤ ਜਗਤ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ ਵਿੱਚ ਸਫ਼ਲ ਰਹੀ ਗਾਇਕਾ ਸੋਨੀ ਮਾਨ, ਜੋ ਮਸ਼ਹੂਰ ਰੈਪਰ ਅਤੇ ਗਾਇਕ ਮੁੱਖ ਮੰਤਰੀ ਨਾਲ ਗਾਏ ਆਪਣੇ ਕਈ ਗਾਣਿਆਂ ਕਰਕੇ ਵੀ ਸੰਗੀਤਕ ਗਲਿਆਰਿਆਂ ਵਿੱਚ ਖਾਸੀ ਚਰਚਾ, ਸੁਰਖੀਆਂ ਅਤੇ ਵਿਵਾਦਾਂ ਦਾ ਕੇਂਦਰ ਬਿੰਦੂ ਰਹੀ ਹੈ, ਜਿੰਨਾਂ ਦੋਹਾਂ ਦੇ ਇਕੱਠਿਆਂ ਗਾਏ ਕਈ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿਸ ਵਿੱਚ 'ਡੇਵਿਲ', 'ਧਮਕ ਬੇਸ', 'ਬੀਬੀ ਮਿਆਂ ਖਲੀਫ਼ਾ' ਆਦਿ ਸ਼ੁਮਾਰ ਰਹੇ ਹਨ।
ਹਾਲਾਂਕਿ ਹੈਰਾਨੀਜਨਕ ਪੱਖ ਇਹ ਵੀ ਹੈ ਕਿ ਸੰਗੀਤਕ ਖੇਤਰ ਦੀ ਹਿੱਟ ਜੋੜੀ ਰਹੀ ਹੋਣ ਦੇ ਬਾਵਜੂਦ ਸੋਨੀ ਮਾਨ ਅਤੇ ਰੈਪਰ ਮੁੱਖ ਮੰਤਰੀ ਵੱਲੋਂ ਆਪਣੇ ਸੰਗੀਤਕ ਰਾਹ ਹੁਣ ਅੱਡ-ਅੱਡ ਕਰ ਲਏ ਗਏ ਹਨ। ਓਧਰ ਜੇਕਰ ਗਾਇਕਾ ਸੋਨੀ ਮਾਨ ਦੇ ਗਾਏ ਅਤੇ ਹਿੱਟ ਰਹੇ ਹੋਰਨਾਂ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਜਵਾਈ ਤੇਰਾ ਨੀ', 'ਡਾਲਰ ਕਮਾਉਣ ਲੱਗ ਪਈ', 'ਬਾਪੂ ਤੇਰਾ', 'ਜ਼ਿੰਦਗੀ', 'ਧੀਆਂ ਪਰਦੇਸਨਾਂ', 'ਹੈਂਡਸਮ ਸਰਦਾਰ', 'ਰਾਈਟ ਨਾਓ' ਆਦਿ ਸ਼ਾਮਿਲ ਰਹੇ ਹਨ, ਜਿੰਨਾਂ ਸਾਰਿਆਂ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।
ਸੰਗੀਤਕ ਖੇਤਰ ਵਿੱਚ ਪੜਾਅ-ਦਰ-ਪੜਾਅ ਨਵੇਂ ਦਿਸਹਿੱਦੇ ਸਿਰਜ ਰਹੀ ਇਸ ਬਾ-ਕਮਾਲ ਗਾਇਕਾ ਨਾਲ ਉਨਾਂ ਦੀਆਂ ਅਗਾਮੀ ਯੋਜਨਾਵਾਂ ਸੰਬੰਧੀ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਵੱਖ-ਵੱਖ ਸੰਗੀਤਕ ਰੰਗਾਂ ਨਾਲ ਸਜੇ ਕੁਝ ਹੋਰ ਨਵੇਂ ਗਾਣਿਆਂ ਦੀ ਰਿਕਾਰਡਿੰਗ ਪ੍ਰਕਿਰਿਆ ਵਗੈਰਾ ਮੁਕੰਮਲ ਹੋ ਚੁੱਕੀ ਹੈ, ਜੋ ਜਲਦ ਆਡਿਓ ਅਤੇ ਮਿਊਜ਼ਿਕ ਵੀਡੀਓ ਰੂਪ ਵਿੱਚ ਸਰੋਤਿਆਂ ਅਤੇ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਜਾਣਗੇ।