ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਪ੍ਰਭਾਵੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਕਾਇਮ ਕਰ ਚੁੱਕੇ ਹਨ ਗੀਤਕਾਰ ਅਤੇ ਗਾਇਕ ਬਲਬੀਰ ਬੋਪਾਰਾਏ, ਜੋ ਮਿਊਜ਼ਿਕ ਖੇਤਰ ਦੇ ਨਾਲ-ਨਾਲ ਪੰਜਾਬੀ ਫਿਲਮ ਜਗਤ ਵਿੱਚ ਵੀ ਅੱਜਕੱਲ੍ਹ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਬੇਹੱਦ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।
ਇਸੇ ਸੰਬੰਧੀ ਹੀ ਵਧੀਆ ਸਰਗਰਮੀਆਂ ਦੀ ਲੜੀ ਵਜੋਂ ਉਹ ਆਪਣਾ ਨਵਾਂ ਗਾਣਾ 'ਕਰੀਬ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਜਾਰੀ ਕੀਤਾ ਜਾਵੇਗਾ।
'ਪ੍ਰਿੰਸ ਇੰਟਰਟੇਨਮੈਂਟ' ਦੇ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਗਾਣੇ ਵਿਚਲੀ ਆਵਾਜ਼-ਬੋਲ ਅਤੇ ਕੰਪੋਜੀਸ਼ਨ ਬਲਵੀਰ ਬੋਪਾਰਾਏ ਦੇ ਹੀ ਹਨ ਜਦਕਿ ਇਸ ਦਾ ਸੰਗੀਤ ਪ੍ਰਿੰਸ ਘੁਮਾਣ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੱਸਿਆ ਕਿ ਇਹ ਗਾਣਾ ਬਲਵੀਰ ਬੋਪਾਰਾਏ ਦੇ ਹਾਲੀਆ ਬੀਟ ਅਤੇ ਨੱਚਣ ਟੱਪਣ ਵਾਲੇ ਗਾਣਿਆਂ ਨਾਲੋਂ ਬਿਲਕੁੱਲ ਅਲਹਦਾ ਰੂਪ ਵਿੱਚ ਤਿਆਰ ਕੀਤਾ ਗਿਆ ਹੈ, ਜਿਸ ਨੂੰ ਸਦਾ ਬਹਾਰ ਸੰਗੀਤ ਦੇ ਰੰਗ ਹੋਰ ਚਾਰ ਚੰਨ ਲਾਉਣਗੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਤੇਜਿੰਦਰ ਸੇਖੋਂ ਦੀ ਸੁਚੱਜੀ ਦੇਖ-ਰੇਖ ਹੇਠ ਮੁਕੰਮਲ ਹੋਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਬਹੁਤ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਏ ਮਾਸਟਰ ਮੀਡੀਆ ਅਤੇ ਰਮਨਜੀਤ ਸਿੰਘ ਨੇ ਕੀਤਾ ਹੈ, ਜਦਕਿ ਕੈਮਰਾਮੈਨ ਵਜੋਂ ਜਿੰਮੇਵਾਰੀਆਂ ਇੰਦਰਜੀਤ ਸਿੰਘ ਮਾਨ ਨੇ ਨਿਭਾਈਆਂ ਹਨ।
ਉਨ੍ਹਾਂ ਦੱਸਿਆ ਕਿ ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਨੂੰ ਬਲਬੀਰ ਬੋਪਾਰਾਏ ਦੁਆਰਾ ਇਸ ਵਾਰ ਵੀ ਬੇਹੱਦ ਹੀ ਜੁਦਾ ਅੰਦਾਜ਼ ਵਿੱਚ ਅਤੇ ਬਹੁਤ ਹੀ ਖੁੰਬ ਕੇ ਗਾਇਆ ਗਿਆ ਹੈ, ਜਿਸ ਵਿੱਚ ਉਸ ਦੇ ਚਾਹੁੰਣ ਵਾਲਿਆਂ, ਸਰੋਤਿਆਂ ਅਤੇ ਦਰਸ਼ਕਾਂ ਨੂੰ ਕਈ ਨਵੇਂ ਸੰਗੀਤਕ ਸੁਮੇਲ ਵੇਖਣ ਅਤੇ ਸੁਣਨ ਨੂੰ ਮਿਲਣਗੇ, ਉਨ੍ਹਾਂ ਕਿਹਾ ਕਿ ਸਾਡੀ ਸਾਰੀ ਟੀਮ ਨੂੰ ਇਹ ਪੂਰਨ ਉਮੀਦ ਹੈ ਕਿ ਇਸ ਗਾਣੇ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ-ਸਨੇਹ ਅਤੇ ਹੁੰਗਾਰਾ ਦਿੱਤਾ ਜਾਵੇਗਾ।
ਓਧਰ ਇਸ ਗਾਣੇ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦੇ ਗਾਇਕ ਬਲਵੀਰ ਬੋਪਾਰਾਏ ਨੇ ਕਿਹਾ ਕਿ ਉਨਾਂ ਵੱਲੋਂ ਆਪਣੇ ਹਰ ਸੰਗੀਤ ਪ੍ਰੋਜੈਕਟ ਨੂੰ ਬੜੇ ਹੀ ਮਿਆਰੀ ਅਤੇ ਉਮਦਾ ਸੰਗੀਤਕ ਮਾਪਦੰਢਾਂ ਅਧੀਨ ਸਾਹਮਣੇ ਲਿਆਉਣ ਦੀ ਕਵਾਇਦ ਅਪਣਾਈ ਜਾਂਦੀ ਹੈ ਅਤੇ ਅਜਿਹੇ ਹੀ ਬੇਹਤਰੀਨ ਸੰਗੀਤ ਦੇ ਮੁਹਾਂਦਰੇ ਅਧੀਨ ਜਾਰੀ ਹੋਣ ਜਾ ਰਿਹਾ ਹੈ, ਉਨਾਂ ਦਾ ਇਹ ਨਵਾਂ ਗਾਣਾ, ਜਿਸ ਨੂੰ ਬਹੁਤ ਜਲਦ ਅਤੇ ਵੱਡੇ ਪੱਧਰ ਉੱਤੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ।