ਚੰਡੀਗੜ੍ਹ: ਪਾਲੀਵੁੱਡ ਵਿੱਚ ਆਏ ਦਿਨ ਨਵੀਆਂ ਫਿਲਮਾਂ ਦਾ ਐਲਾਨ ਹੁੰਦਾ ਰਹਿੰਦਾ ਹੈ, ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸਾਲ 2023 ਪੰਜਾਬੀ ਮੰਨੋਰੰਜਨ ਜਗਤ ਲਈ ਕਾਫ਼ੀ ਖਾਸ ਹੋਣ ਵਾਲਾ ਹੈ, ਕਈ ਅਜਿਹੀਆਂ ਫਿਲਮਾਂ ਹਨ ਜਿਹਨਾਂ ਦਾ ਸੀਕਵਲ ਆ ਰਿਹਾ ਹੈ ਅਤੇ ਕਈ ਅਜਿਹੀਆਂ ਜੋੜੀਆਂ ਹਨ ਜਿਹਨਾਂ ਨੂੰ ਤੁਸੀਂ ਪਹਿਲੀ ਵਾਰ ਪਰਦੇ ਉਤੇ ਸਕ੍ਰੀਨ ਸਪੇਸ ਸਾਂਝੀ ਕਰਦੇ ਦੇਖੋਗੇ।
ਇਸ ਸਾਲ ਸਿਨੇਮਾਘਰਾਂ 'ਚ ਦਸਤਕ ਦੇਣ ਵਾਲੀਆਂ ਫਿਲਮਾਂ ਦੀ ਲੰਬੀ ਸੂਚੀ 'ਚ ਇਕ ਹੋਰ ਨਵੀਂ ਫਿਲਮ ਜੁੜ ਗਈ ਹੈ। ਇਸ ਨਵੀਂ ਫਿਲਮ ਦਾ ਟਾਈਟਲ ‘ਵੇਖੀ ਜਾ ਛੇੜੀ ਨਾ’ ਹੈ। ਸਿਰਲੇਖ ਇੱਕ ਮਸ਼ਹੂਰ ਪੰਜਾਬੀ ਕਹਾਵਤ 'ਤੇ ਅਧਾਰਤ ਹੈ। ਇਹ ਫਿਲਮ ਕਾਮੇਡੀ ਫਿਲਮ ਹੋਵੇਗੀ ਅਤੇ ਨਿਸ਼ਚਿਤ ਤੌਰ 'ਤੇ ਦਰਸ਼ਕਾਂ ਦੇ ਢਿੱਡ ਵਿੱਚ ਪੀੜਾਂ ਪਾ ਦੇਵੇਗੀ।
‘ਵਿਨਰ ਫ਼ਿਲਮਜ਼’ ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਵੇਖੀ ਜਾ ਛੇੜੀ ਨਾ’ ਦਾ ਨਿਰਦੇਸ਼ਨ ਮਨਜੀਤ ਟੋਨੀ ਅਤੇ ਗੁਰਮੀਤ ਸਾਜ਼ਨ ਕਰ ਰਹੇ ਹਨ, ਜਿੰਨ੍ਹਾਂ ਦੀ ਜੋੜ੍ਹੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਉਨ੍ਹਾਂ ਦੀ ਪੰਜਵੀਂ ਪੰਜਾਬੀ ਫ਼ਿਲਮ ਹੈ, ਜੋ ਇਸ ਤੋਂ ਪਹਿਲਾ ‘ਕੁੜਮਾਈਆਂ’, ‘ਤੂੰ ਮੇਰਾ ਕੀ ਲੱਗਦਾ’, ਜੱਟਸ ਲੈੱਡ, ‘ਵਿਚ ਬੋਲੂਗਾਂ ਤੇਰੇ’ ਆਦਿ ਦਾ ਨਿਰਦੇਸ਼ਨ ਸਾਂਝੇ ਰੂਪ ਵਿਚ ਕਰ ਚੁੱਕੇ ਹਨ। ਹੁਣ ਇਸ ਫਿਲਮ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ। ਫਿਲਮ ਇਸ ਸਾਲ 7 ਅਪ੍ਰੈਲ ਨੂੰ ਦੁਨੀਆਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਹੁਣ ਜੇਕਰ ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿਚ ਕਾਮੇਡੀਅਨ ਕਰਮਜੀਤ ਅਨਮੋਲ, ਖੁਦ ਗੁਰਮੀਤ ਸਾਜਨ, ਸਿਮਰ ਖੈਰਾ, ਲਵ ਗਿੱਲ, ਜਤਿੰਦਰ ਕੌਰ, ਪਰਮਿੰਦਰ ਕੌਰ ਬਰਨਾਲਾ, ਮਨਜੀਤ ਮਨੀ, ਮਹਾਵੀਰ ਭੁੱਲਰ ਆਦਿ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਹਾਸਰਸ ਭਰੀ ਕਹਾਣੀ ਦੁਆਲੇ ਬੁਣੀ ਗਈ ਇਸ ਫ਼ਿਲਮ ਨੂੰ ਦੋ ਸ਼ਡਿਊਲ ਵਿਚ ਮੁਕੰਮਲ ਕੀਤਾ ਗਿਆ ਹੈ, ਜਿਸ ਅਧੀਨ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਤਲਵੰਡੀ ਭਾਈ, ਧਰਮਕੋਟ, ਮੋਗਾ, ਫ਼ਰੀਦਕੋਟ ਆਦਿ ਹਿੱਸਿਆ ਵਿਚ ਮੁਕੰਮਲ ਕੀਤਾ ਗਿਆ ਹੈ। ਉਕਤ ਫ਼ਿਲਮ ਦੇ ਇਕ ਅਹਿਮ ਡਰਾਮਾ ਕੋਰਟ ਸੀਨ ਲਈ ਵਿਸ਼ੇਸ਼ ਕੋਰਟ ਸੈੱਟ ਵੀ ਲਗਾਇਆ ਗਿਆ ਹੈ, ਜਿਸ ਦੌਰਾਨ ਗੁਰਮੀਤ ਸਾਜਨ, ਰੁਪਿੰਦਰ ਰੂਪੀ ਆਦਿ ਤੇ ਕੁਝ ਖਾਸ ਦ੍ਰਿਸ਼ ਫ਼ਿਲਮਾਏ ਗਏ ਹਨ। ਤੁਹਾਨੂੰ ਦੱਸ ਦਈਏ ਕਿ ‘ਵੇਖੀ ਜਾ ਛੇੜੀ ਨਾ’ ਦਾ ਪਹਿਲਾ ਲੁੱਕ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਇੱਕ ਹਲਕੇ ਦਿਲ ਵਾਲੀ ਰੁਮਾਂਟਿਕ ਕਾਮੇਡੀ ਦਾ ਸੁਝਾਅ ਦਿੰਦਾ ਹੈ। ਫਿਲਮ ਵਿਨਰ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ: Biba Song: ਪੰਜਾਬੀ ਦੀ ਪਹਿਲੀ ਸੰਗੀਤਕ ਵੀਡੀਓ ਕਰਕੇ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ ਅਦਾਕਾਰ ਵਰੁਣ ਭਗਤ