ਚੰਡੀਗੜ੍ਹ: ਪੰਜਾਬੀ ਦਾ ਦਿੱਗਜ ਗਾਇਕ ਰਣਜੀਤ ਬਾਵਾ ਹਮੇਸ਼ਾ ਹੀ ਦਿਲ ਨੂੰ ਛੂਹ ਲੈਣ ਵਾਲੇ ਗੀਤ ਪੇਸ਼ ਕਰਨ ਵਿੱਚ ਸਫਲ ਰਿਹਾ ਹੈ ਅਤੇ ਉਸਦੀ ਐਲਬਮ 'ਮਿੱਟੀ ਦਾ ਬਾਵਾ' ਇਸ ਗੱਲ ਦਾ ਸਬੂਤ ਹੈ। ਇਹ ਸਿਰਫ਼ ਇੱਕ ਐਲਬਮ ਨਹੀਂ ਹੈ ਸਗੋਂ ਇੱਕ ਅਜਿਹਾ ਜਜ਼ਬਾਤ ਹੈ ਜੋ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ। ਜਿਵੇਂ ਕਿ ਇਸ ਦੇ ਪਹਿਲੇ ਭਾਗ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ, ਬੀਤੇ ਦਿਨੀਂ ਬਾਵਾ ਨੇ ਐਲਬਮ 'ਮਿੱਟੀ ਦਾ ਬਾਵਾ 2' ਦੀ ਘੋਸ਼ਣਾ ਕੀਤੀ ਸੀ, ਜਿਸ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇੱਕ ਖੁਸ਼ੀ ਦਿੱਤੀ।
ਇਹ ਖੁਸ਼ੀ ਦੋਗੁਣੀ ਉਸ ਸਮੇਂ ਹੋਈ, ਜਦੋਂ 15 ਜੁਲਾਈ ਨੂੰ ਗਾਇਕ ਨੇ ਸ਼ੋਸਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਤੇ ਆਪਣੀ ਐਲਬਮ 'ਮਿੱਟੀ ਦਾ ਬਾਵਾ 2' ਵਿੱਚੋਂ ਪਹਿਲਾਂ ਗੀਤ 'ਨੀ ਮਿੱਟੀਏ' ਰਿਲੀਜ਼ ਕੀਤਾ। ਗੀਤ ਹੁਣ ਯੂਟਿਊਬ ਉਤੇ ਟ੍ਰੈਂਡ ਕਰ ਰਿਹਾ ਹੈ, ਗੀਤ ਨੂੰ ਹੁਣ ਤੱਕ 13 ਲੱਖ ਤੋਂ ਜਿਆਦਾ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਗੀਤ ਦੀ ਕਹਾਣੀ ਦਿਲਕਸ਼ ਹੈ ਅਤੇ ਜਿਸ ਤਰੀਕੇ ਨਾਲ ਉਸ ਨੂੰ ਪੇਸ਼ ਕੀਤਾ ਗਿਆ ਹੈ, ਉਹ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ।
- " class="align-text-top noRightClick twitterSection" data="">
ਗੀਤ ਬਾਰੇ ਹੋਰ ਗੱਲ: ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਵਿਚ ਰਣਜੀਤ ਬਾਵਾ ਦੇ ਕਿਰਦਾਰ ਦਾ ਪੂਰਾ ਜੀਵਨ ਚੱਕਰ ਉਸ ਦੇ ਜਨਮ ਤੋਂ ਲੈ ਕੇ ਬੱਚੇ, ਨੌਜਵਾਨ, ਬਾਲਗ ਅਤੇ ਬਜ਼ੁਰਗ ਤੱਕ ਦਿਖਾਇਆ ਗਿਆ ਹੈ। ਗੀਤ ਦੀ ਸ਼ੁਰੂਆਤ ਇੱਕ ਬਜ਼ੁਰਗ ਰਣਜੀਤ ਨਾਲ ਹੁੰਦੀ ਹੈ ਜੋ ਆਪਣੀ ਬੀਮਾਰ ਪਤਨੀ ਨਾਲ ਬੈਠਾ ਹੈ ਅਤੇ ਉਸ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਜ਼ਿੰਦਗੀ ਦੀਆਂ ਸਾਰੀਆਂ ਯਾਦਾਂ ਨੂੰ ਦਰਸਾਉਂਦਾ ਹੈ। ਜਦੋਂ ਉਹ ਉਸਦੀਆਂ ਤਸਵੀਰਾਂ ਦਿਖਾਉਂਦਾ ਹੈ, ਗੀਤ ਉਹਨਾਂ ਨਾਲ ਸੰਬੰਧਿਤ ਝਲਕ ਦਿਖਾਉਂਦਾ ਹੈ, ਜੀਵਨ ਦੇ ਵੱਖੋ-ਵੱਖ ਪੜਾਵਾਂ ਅਤੇ ਹਾਲਾਤਾਂ ਨੂੰ ਦਰਸਾਉਂਦਾ ਹੈ ਅਤੇ ਕਿਵੇਂ ਉਹ ਸਾਰੇ ਖੁਸ਼ੀ ਨਾਲ ਜਿਉਂਦੇ ਸਨ। ਪਰ ਅੰਤ ਵਿੱਚ ਉਨ੍ਹਾਂ ਦੇ ਪੁੱਤਰ ਦਾ ਝਗੜਾ ਉਨ੍ਹਾਂ ਨੂੰ ਇਕੱਲਾ, ਉਦਾਸ ਅਤੇ ਚਿੰਤਾ ਵਿੱਚ ਛੱਡ ਦਿੰਦਾ ਹੈ, ਜਿਸ ਨਾਲ ਉਸਦੀ ਪਤਨੀ ਦੀ ਮੌਤ ਹੋ ਜਾਂਦੀ ਹੈ। ਬਾਅਦ ਵਿੱਚ ਉਸਦੀ ਖੁਦ ਦੀ ਵੀ ਮੌਤ ਹੋ ਜਾਂਦੀ ਹੈ।
ਇਹ ਗੀਤ ਜ਼ਿੰਦਗੀ ਦੇ ਕੌੜੇ ਸੱਚ ਨੂੰ ਬਿਆਨ ਕਰਦਾ ਹੈ ਕਿ ਅਸੀਂ ਮਿੱਟੀ ਤੋਂ ਆਏ ਹਾਂ, ਮਿੱਟੀ 'ਤੇ ਰਹਿ ਕੇ ਅੰਤ ਨੂੰ ਸਭ ਕੁਝ ਪਿੱਛੇ ਛੱਡ ਕੇ ਇਸ ਮਿੱਟੀ 'ਚ ਹੀ ਸਮਾ ਜਾਵਾਂਗੇ। ਇਹ ਗੀਤ ਆਪਣੇ ਬੋਲਾਂ ਅਤੇ ਨਿਰਦੇਸ਼ਨ ਦੇ ਪੱਖੋਂ ਸੰਪੂਰਨਤਾ ਤੋਂ ਪਰੇ ਹੈ। ਰਣਜੀਤ ਬਾਵਾ ਨੇ ਗੀਤ ਨੀ ਮਿੱਟੀਏ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਮੰਗਲ ਹਠੂਰ ਨੇ ਲਿਖੇ ਹਨ ਜਦਕਿ ਸੰਗੀਤ ਆਈਕੋਨ ਨੇ ਦਿੱਤਾ ਹੈ।