ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸਾਹਿਤ ਖੇਤਰ ਵਿਚ ਵਿਸ਼ੇਸ਼ ਸ਼ਖ਼ਸੀਅਤ ਵਜੋਂ ਮਾਣਮੱਤਾ ਨਾਂ ਕਾਇਮ ਕਰ ਚੁੱਕੇ ਰਾਣਾ ਰਣਬੀਰ ਵੱਲੋਂ ਆਪਣੀ ਨਵੀਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਪੰਜਾਬੀ ਫਿਲਮ ‘ਮਨਸੂਬਾ’ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੂਟਿੰਗ ਅੱਜ ਤੋਂ ਕੈਨੇਡਾ ਬ੍ਰਿਟਿਸ਼ ਕੰਲੋਬੀਆਂ ਖੇਤਰ ਵਿਚ ਸ਼ੁਰੂ ਕੀਤੀ ਜਾ ਰਹੀ ਹੈ।
- " class="align-text-top noRightClick twitterSection" data="
">
ਪਿਛਲੇ ਸਮੇਂ ਵਿਚ ਆਈ ਗਿੱਪੀ ਗਰੇਵਾਲ ਸਟਾਰਰ ‘ਸਨੋਅ ਮੈਨ’ ਤੋਂ ਇਲਾਵਾ ‘ਪੋਸਤੀ’ ਅਤੇ ‘ਆਸੀਸ’ ਜਿਹੀਆਂ ਕਈ ਅਰਥ ਭਰਪੂਰ ਅਤੇ ਨਿਵੇਕਲੇ ਵਿਸ਼ੇ ਆਧਾਰਿਤ ਫਿਲਮਾਂ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਚੁੱਕੇ ਹਨ। ਜਿੰਨ੍ਹਾਂ ਦੀ ਇਹ ਨਵੀਂ ਫਿਲਮ ਵੀ ਅਲੱਗ ਕਹਾਣੀਸਾਰ ਅਧੀਨ ਬਣਾਈ ਜਾਵੇਗੀ ਅਤੇ ਇਸ ਵਿਚ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਰੰਗਮੰਚ ਜਗਤ ਤੋਂ ਆਪਣੇ ਅਭਿਨੈ ਸਫ਼ਰ ਦਾ ਆਗਾਜ਼ ਕਰਨ ਵਾਲੇ ਪ੍ਰਤਿਭਾਵਾਨ ਐਕਟਰ-ਲੇਖਕ-ਨਿਰਦੇਸ਼ਕ ਰਾਣਾ ਰਣਬੀਰ ਆਪਣੇ ਹੁਣ ਤੱਕ ਦੇ ਕਰੀਅਰ ਦੌਰਾਨ ਐਕਟਰ ਦੇ ਤੌਰ 'ਤੇ ਅਥਾਹ ਪੰਜਾਬੀ ਫਿਲਮਾਂ ਨੂੰ ਬੇਹਤਰੀਨ ਰੂਪ ਦੇਣ ਵਿਚ ਅਹਿਮ ਯੋਗਦਾਨ ਨਿਭਾ ਚੁੱਕੇ ਹਨ, ਜਿੰਨ੍ਹਾਂ ਦੀਆਂ ਚਰਚਿਤ ਅਤੇ ਕਾਮਯਾਬ ਰਹੀਆਂ ਫਿਲਮਾਂ ਵਿਚ ‘ਜੱਟ ਐਂਡ ਜੂਲੀਅਟ’, ‘ਮੇਰਾ ਪਿੰਡ’, ‘ਮਿੱਟੀ ਵਾਜਾਂ ਮਾਰਦੀ’, ‘ਦਿਲ ਆਪਣਾ ਪੰਜਾਬੀ’, ‘ਚੰਨਾ ਸੱਚੀ ਮੁੱਚੀ’, ‘ਚੱਕ ਜਵਾਨਾਂ’, ‘ਅਰਦਾਸ’ ਆਦਿ ਸ਼ਾਮਿਲ ਰਹੀਆਂ ਹਨ।
ਪੰਜਾਬੀ ਸਿਨੇਮਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਦੀ ਫਿਲਮ ‘ਮੁੰਡੇ ਯੂ.ਕੇ ਦੇ’ ਨਾਲ ਆਪਣੇ ਲੇਖਨ ਪੈਂਡੇ ਦੀ ਸ਼ੁਰੂਆਤ ਕਰਨ ਵਾਲੇ ਰਾਣਾ ਰਣਬੀਰ ਦੀ ਨਿਰਦੇਸ਼ਿਤ ਕੀਤੀ ਪਲੇਠੀ ਪੰਜਾਬੀ ਫਿਲਮ ‘ਆਸੀਸ’ ਰਹੀ, ਜਿਸ ਨੂੰ ਦੇਸ਼ ਵਿਦੇਸ਼ ਵਿਚ ਦਰਸ਼ਕਾਂ ਅਤੇ ਆਲੋਚਕਾਂ ਦੀ ਖਾਸੀ ਸਰਾਹਣਾ ਮਿਲ ਚੁੱਕੀ ਹੈ।
ਉਕਤ ਨਵੇਂ ਪ੍ਰੋਜੈਕਟ ਸੰਬੰਧੀ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਰਾਣਾ ਰਣਬੀਰ ਦੱਸਦੇ ਹਨ ਕਿ ਆਪਣੀਆਂ ਨਿਰਦੇਸ਼ਿਤ ਕੀਤੀਆਂ ਜਾ ਚੁੱਕੀਆਂ ਫਿਲਮਾਂ ਤੋਂ ਬਾਅਦ ਜਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਜੁੜੇ ਵੱਖਰੇ ਅਤੇ ਪ੍ਰੇਰਨਾਦਾਇਕ ਵਿਸ਼ੇ 'ਤੇ ਇਕ ਫਿਲਮ ਬਣਾਉਣ ਦਾ ਖ਼ਵਾਹਿਸ਼ਮੰਦ ਸੀ, ਜਿਸ ਦੀ ਸਕਰਿਪਟ ਦੋ ਸਾਲਾਂ ਦੀ ਲੰਮੇਰ੍ਹੀ ਮਿਹਨਤ ਬਾਅਦ ਹੁਣ ਜਾ ਕੇ ਆਪਣੇ ਅੰਤਿਮ ਰੂਪ ਵਿਚ ਪੁੱਜੀ ਹੈ।
ਉਨ੍ਹਾਂ ਦੱਸਿਆ ਕਿ ਹਰ ਵਰਗ ਅਤੇ ਇਨਸਾਨ ਨੂੰ ਉਨ੍ਹਾਂ ਦੀ ਆਪਣੀ ਜਿੰਦਗੀ ਨਾਲ ਜੁੜੇ ਹੋਣ ਦਾ ਅਹਿਸਾਸ ਕਰਵਾਉਣ ਵਾਲੀ ਇਸ ਫਿਲਮ ਦੇ ਵਜ਼ੂਦ ਨੂੰ ਨੇਪਰ੍ਹੇ ਚਾੜ੍ਹਨ ਅਤੇ ਇਸ ਨੂੰ ਚਾਰ ਚੰਨ ਲਾਉਣ ਵਿਚ ਰਾਜਵੀਰ ਬੋਪਾਰਾਏ, ਮਨਜੋਤ ਢਿੱਲੋਂ, ਸੋਹੀ ਸਰਦਾਰ, ਮਲਕੀਤ ਰੋਣੀ ਅਤੇ ਇਸ ਖੇਤਰ ਨਾਲ ਜੁੜੀਆਂ ਹੋਰ ਕਈ ਸ਼ਾਨਦਾਰ ਸ਼ਖ਼ਸੀਅਤਾਂ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਦੱਸਿਆ ਕਿ 5 ਮਈ ਤੋਂ ਆਗਾਜ਼ ਵੱਲ ਵੱਧ ਰਹੀ ਇਸ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਬੀ.ਸੀ ਇਲਾਕੇ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਪੂਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੁਝ ਹਿੱਸਾ ਪੰਜਾਬ ਵਿਖੇ ਵੀ ਫ਼ਿਲਮਾਇਆ ਜਾਵੇਗਾ।