ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਬਤੌਰ ਗੀਤਕਾਰ ਅਤੇ ਗਾਇਕ ਵਿਲੱਖਣ ਮੁਕਾਮ ਅਤੇ ਵੱਡੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਿਹਾ ਹੈ ਮਲਵਈ ਨੌਜਵਾਨ ਰਾਜ ਰਣਜੋਧ, ਹੁਣ ਗਾਇਕ ਆਪਣੀ ਨਵੀ ਐਲਬਮ 'Be Kind Rewind' ਲੈ ਕੇ ਸਰੋਤਿਆਂ, ਦਰਸ਼ਕਾਂ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।
ਮਸ਼ਹੂਰ ਸੰਗੀਤਕਾਰ ਨਿੱਕ ਧੰਮੂ ਵੱਲੋਂ ਇਸ ਐਲਬਮ ਸੰਬੰਧਤ ਗਾਣਿਆਂ ਦਾ ਸੰਗੀਤ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਪੇਸ਼ਕਾਰ ਹੋਣਗੇ ਨਵੀ ਗਿੱਲ ਆਸਟ੍ਰੇਲੀਆ, ਜਿੰਨ੍ਹਾਂ ਅਨੁਸਾਰ ਇਸ ਵਿਚ ਕੁੱਲ 7 ਗੀਤ ਸ਼ਾਮਿਲ ਕੀਤੇ ਗਏ ਹਨ, ਜੋ ਵੱਖ-ਵੱਖ ਮੂਡਜ਼ ਦੀ ਤਰਜ਼ਮਾਨੀ ਕਰਨਗੇ।
ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਦੇ ਅੰਤ ਤੱਕ ਇਸ ਐਲਬਮ ਨੂੰ ਜਾਰੀ ਕਰ ਦਿੱਤਾ ਜਾਵੇਗਾ, ਜਿਸ ਦੇ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫਿਲਮ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲ ਰਹੇ ਨੌਜਵਾਨ ਗਾਇਕ-ਗੀਤਕਾਰ ਰਾਜ ਰਣਜੋਧ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੇ ਹਿੱਟ ਰਹੇ ਗੀਤਾਂ ਵਿਚ ‘ਹਿਟਲਰ’, ‘ਬਾਬਾ ਭੰਗੜ੍ਹੇ ਪਾਉਂਦੇ ਨੇ’, ‘ਲੰਦਨ’, ‘ਵਿਰਸੇ ਦੇ ਵਾਰਿਸ’, ‘ਫੇਮ’, ‘ਪਿਸ਼ੋਰੀ’, ‘ਪੁੱਠੇ ਕਮ’, ‘ਯਾਦ ਆਵੇਗੀ’, ‘ਬਿਰਹਾ ਤੂੰ ਸੁਲਤਾਨ’, ‘ਗੱਲ’, ‘ਤੂੰ ਸਮਰੱਥ’ ਆਦਿ ਸ਼ਾਮਿਲ ਰਹੇ।
ਇਸ ਤੋਂ ਇਲਾਵਾ ਉਸ ਵੱਲੋਂ ਲਿਖੇ ਅਤੇ ਦਿਲਜੀਤ ਦੁਸਾਂਝ ਵੱਲੋਂ ਗਾਏ ਪੰਜਾਬੀ ਫਿਲਮ ‘ਪੰਜਾਬ 1984’ ਦੇ ਭਾਵਪੂਰਨ ‘ਆਵਾਂਗਾ ਸੁਆਹ ਬਣ ਕੇ’, ਚੰਨ ਪੁੱਤ ‘ਆਜਾ ਮੈਕਸੀਕੋ ਚੱਲੀਏ’, ਟੌਮੀ ‘ਛੜ੍ਹਾ’ ਨੇ ਉਸ ਨੂੰ ਸਿਨੇਮਾ ਖੇਤਰ ਵਿਚ ਮਕਬੂਲੀਅਤ ਦੇ ਨਵੇਂ ਆਯਾਮ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਹਾਲ ਹੀ ਵਿਚ ਆਈ ਦਿਲਜੀਤ ਦੁਸਾਂਝ ਦੀ ਐਲਬਮ ‘ਪੀੜ੍ਹ’ ਵਿਚਲੇ ਟਾਈਟਲ ਗੀਤ ਨੇ ਵੀ ਰਾਜ ਰਣਜੋਧ ਦੀ ਗੀਤਕਾਰੀ ਨੂੰ ਸੰਗੀਤਕ ਖੇਤਰ ਵਿਚ ਹੋਰ ਉੱਚੀ ਪਰਵਾਜ਼ ਅਤੇ ਸ਼ਾਨਦਾਰ ਵਜ਼ੂਦ ਦੇਣ ਦਾ ਮਾਣ ਹਾਸਿਲ ਕੀਤਾ ਹੈ, ਜਿਸ ਤੋਂ ਬਾਅਦ ਆਉਣ ਵਾਲੇ ਦਿਨ੍ਹਾਂ ਵਿਚ ਦਿਲਜੀਤ ਦੁਸਾਂਝ ਸਮੇਤ ਕਈ ਹੋਰ ਵੱਡੇ ਗਾਇਕ ਉਸ ਦੀ ਕਲਮ ਨੂੰ ਆਵਾਜ਼ ਦਿੰਦੇ ਨਜ਼ਰ ਆਉਣਗੇ।
ਪੰਜਾਬੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਤੋਂ ਇਲਾਵਾ ਆਪਸੀ ਰਿਸ਼ਤਿਆਂ ਦੀ ਖੂਬਸੂਰਤ ਤਰਜ਼ਮਾਨੀ ਕਰਦੇ ਗੀਤਾਂ ਨੂੰ ਪ੍ਰਮੁੱਖਤਾ ਦੇਣ ਵਿਚ ਲਗਾਤਾਰ ਯਤਨਸ਼ੀਲ ਰਹੇ ਹਨ ਰਾਜ ਰਣਜੋਧ, ਜਿੰਨ੍ਹਾਂ ਆਪਣੀ ਨਵੀਂ ਐਲਬਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵੱਖ-ਵੱਖ ਰੰਗਾਂ ਨਾਲ ਅੋਤ ਪੋਤ ਗੀਤ ਇਸ ਨਵੇਂ ਪ੍ਰੋਜੈਕਟ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਸਰੋਤਿਆਂ ਨੂੰ ਪਸੰਦ ਆਵੇਗੀ।