ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਨੂੰ ਮਾਣ ਸਨਮਾਨ ਦਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਉੱਚ ਕੋਟੀ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਰਾਹਤ ਫਤਿਹ ਅਲੀ ਖਾਨ, ਜੋ ਸੂਫੀਵਾਦ ਨੂੰ ਹੋਰ ਨਵੇਂ ਰੰਗ ਦੇਣ ਜਾ ਰਹੇ ਹਨ। ਗਾਇਕ ਆਪਣਾ ਨਵਾਂ ਗਾਣਾ 'ਇਸ਼ਕ ਏ ਜਾਨ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜੋ 09 ਫਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਵੇਗਾ।
'ਯੈਲੋ ਮਿਊਜ਼ਿਕ' ਮੁੰਬਈ ਦੇ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਵੱਡੇ ਪੱਧਰ 'ਤੇ ਜਾਰੀ ਕੀਤੇ ਜਾ ਰਹੇ ਉਕਤ ਟਰੈਕ ਦਾ ਸਦਾ ਬਹਾਰ ਧੁਨਾਂ ਵਿੱਚ ਸੰਵਾਰਿਆ ਗਿਆ ਸੰਗੀਤ ਸਤਿਆ-ਮਾਣਕ-ਅਫਸਰ ਨੇ ਸੰਗੀਤਬੱਧ ਕੀਤਾ ਹੈ, ਜਦਕਿ ਇਸ ਦੇ ਬੋਲ ਅੰਜਾਨ ਸਾਗਰੀ ਅਤੇ ਸਾਹਿਬ ਅਲਾਹਾਬਾਦੀ ਨੇ ਰਚੇ ਹਨ, ਜਿੰਨਾਂ ਅਨੁਸਾਰ ਪਿਆਰ ਅਤੇ ਸਨੇਹ ਭਰੀਆਂ ਕੋਮਲ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਇਹ ਗਾਣਾ ਰਾਹਤ ਫਤਿਹ ਅਲੀ ਖਾਨ ਵੱਲੋਂ ਬਹੁਤ ਹੀ ਖੁੰਬ ਕੇ ਅਤੇ ਆਪਣੇ ਉਸੇ ਖਾਸ ਅਤੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਆ ਹੈ, ਜੋ ਸੁਣਨ ਵਾਲਿਆਂ ਦੇ ਮਨਾਂ ਅਤੇ ਦਿਲਾਂ ਨੂੰ ਝਕਝੋਰ ਦੇਣ ਦੀ ਪੂਰੀ ਸਮਰੱਥਾ ਰੱਖਦਾ ਹੈ।
ਨਵੇਂ ਸਾਲ ਦੇ ਆਗਾਜ਼ ਵਿੱਚ ਰਾਹਤ ਫਤਿਹ ਅਲੀ ਖਾਨ ਦੇ ਪਹਿਲੇ ਮਿਊਜ਼ਿਕਲ ਟਰੈਕ ਵੱਲੋਂ ਸਾਹਮਣੇ ਆ ਰਹੇ ਇਸ ਗਾਣੇ ਨੂੰ ਲੈ ਕੇ ਯੈਲੋ ਮਿਊਜ਼ਿਕ ਦੇ ਪ੍ਰਮੁੱਖ ਸਾਹਿਬ ਅਲਾਹਾਬਾਦੀ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਉਨਾਂ ਦੇ ਲਈ ਇਹ ਬੇਹੱਦ ਮਾਣ ਦੀ ਗੱਲ ਹੈ ਕਿ ਸਾਲ ਦੀ ਸ਼ੁਰੂਆਤ ਉਹ ਇੱਕ ਚੰਗੇ ਸੰਗੀਤ ਨਾਲ ਕਰਨ ਜਾ ਰਿਹਾ ਹੈ, ਜੋ ਉਹਨਾਂ ਦਾ ਸੰਗੀਤਕ ਲੇਬਲ ਦਾ ਰਾਹਤ ਫਤਹਿ ਅਲੀ ਖਾਨ ਨਾਲ ਪਹਿਲਾਂ ਸੰਗੀਤਕ ਪ੍ਰੋਜੈਕਟ ਹੈ, ਜਿਸ ਦੀ ਰਿਕਾਰਡਿੰਗ ਮੁੰਬਈ ਸਟੂਡੀਓਜ਼ ਬਹੁਤ ਹੀ ਉੱਚ ਪੱਧਰੀ ਸੰਗੀਤਕ ਮਾਪਦੰਡਾਂ ਅਧੀਨ ਅਤੇ ਬਿਹਤਰੀਨ ਮਿਊਜੀਸ਼ਨ ਟੀਮਾਂ ਅਧੀਨ ਸੰਪੂਰਨ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਗਾਣੇ ਦੇ ਸੰਗੀਤ ਅਤੇ ਬੋਲਾਂ ਦੀ ਤਰ੍ਹਾਂ ਇਸ ਦਾ ਮਿਊਜ਼ਿਕ ਵੀਡੀਓ ਫਿਲਮਾਂਕਣ ਵੀ ਬਹੁਤ ਹੀ ਖੂਬਸੂਰਤ ਅਤੇ ਉਮਦਾ ਰੂਪ ਵਿਚ ਕੀਤਾ ਗਿਆ ਹੈ, ਜੋ ਇਸ ਮਨਮੋਹਕ ਗਾਣੇ ਨੂੰ ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਉਨਾਂ ਅੱਗੇ ਦੱਸਿਆ ਕਿ ਇਸ ਗਾਣੇ ਦੀ ਰਿਲੀਜ਼ ਤੋਂ ਬਾਅਦ ਉਹ ਆਪਣਾ ਅਗਲਾ ਸੰਗੀਤਕ ਟਰੈਕ ਵੀ ਰਾਹਤ ਨਾਲ ਫਤਿਹ ਅਲੀ ਖਾਨ ਨਾਲ ਜਲਦ ਕਰਨ ਜਾ ਰਹੇ ਹਾਂ, ਜਿਸ ਸੰਬੰਧਤ ਪ੍ਰੀ ਰਿਕਾਰਡਿੰਗ ਤਿਆਰੀਆਂ ਨੂੰ ਵੀ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।