ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਆਗਾਮੀ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ 'ਉੱਚਾ ਦਰ ਬਾਬੇ ਨਾਨਕ ਦਾ' ਕੈਨੇਡਾ ਵਿੱਚ ਸੰਪੂਰਨਤਾ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਤਰਣਵੀਰ ਸਿੰਘ ਜਗਪਾਲ ਵੱਲੋਂ ਕੀਤਾ ਜਾ ਰਿਹਾ ਹੈ।
ਪਾਲੀਵੁੱਡ ਵਿੱਚ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਨ ਵਿੱਚ ਸਫ਼ਲ ਰਹੇ ਉਕਤ ਨਿਰਦੇਸ਼ਨ ਇਸ ਤੋਂ ਪਹਿਲਾਂ 'ਰੱਬ ਦਾ ਰੇਡਿਓ', ਜਿੰਮੀ ਸ਼ੇਰਗਿੱਲ ਨਾਲ 'ਦਾਣਾ-ਪਾਣੀ' ਤੋਂ ਇਲਾਵਾ ਸਿੱਧੂ ਮੂਸੇਵਾਲਾ ਸਟਾਰਰ 'ਯੈਸ ਆਈ ਐੱਮ ਸਟੂਡੈਂਟ' ਆਦਿ ਫਿਲਮਾਂ ਦਾ ਨਿਰਦੇਸ਼ਨ ਕਰ ਚੋਖੀ ਸਫ਼ਲਤਾ ਅਤੇ ਸਲਾਹੁਤਾ ਬਟੋਰ ਚੁੱਕੇ ਹਨ, ਜਿੰਨ੍ਹਾਂ ਦੀ ਬਤੌਰ ਨਿਰਦੇਸ਼ਕ ਇਹ ਚੌਥੀ ਪੰਜਾਬੀ ਫਿਲਮ ਹੋਵੇਗੀ।
ਮੂਲ ਰੂਪ ਵਿੱਚ ਪੰਜਾਬ ਦੇ ਮਾਝਾ ਖਿੱਤੇ ਅਧੀਨ ਆਉਂਦੇ ਪਿੰਡ ਜਗਪਾਲਪੁਰ ਨਾਲ ਸੰਬੰਧਤ ਇਹ ਹੋਣਹਾਰ ਨਿਰਦੇਸ਼ਕ ਨੇ ਆਪਣੀ ਉਕਤ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਰਸਿਅਲ ਸਿਨੇਮਾ ਦਾ ਹਿੱਸਾ ਹੋਣ ਦੇ ਬਾਵਜੂਦ ਇਸ ਫਿਲਮ ਨੂੰ ਪਰਿਵਾਰਿਕ ਅਤੇ ਮਿਆਰੀ ਸਿਨੇਮਾ ਮਾਪਦੰਢਾਂ ਅਧੀਨ ਸਾਹਮਣੇ ਲਿਆਂਦਾ ਜਾਵੇਗਾ, ਜਿਸ ਵਿੱਚ ਲੀਡ ਭੂਮਿਕਾ ਦੇਵ ਖਰੋੜ ਅਦਾ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਧਾਰਮਿਕ ਬੈਕ ਡਰਾਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਪ੍ਰਭਾਵੀ ਕਹਾਣੀ ਅਤੇ ਭਾਵਨਾਤਮਕ ਮੰਜ਼ਰ ਇਸ ਦਾ ਖਾਸ ਆਕਰਸ਼ਨ ਹੋਣਗੇ, ਜਿੰਨ੍ਹਾਂ ਵਿੱਚ ਗੰਭੀਰਤਾ ਦੇ ਨਾਲ-ਨਾਲ ਹਰ ਸਿਨੇਮਾ ਰੰਗ ਦਾ ਦਰਸ਼ਕ ਭਰਪੂਰ ਆਨੰਦ ਮਾਣਨਗੇ, ਜਿਸ ਦੇ ਨਾਲ-ਨਾਲ ਇਸ ਦੇ ਐਕਸ਼ਨ ਦ੍ਰਿਸ਼ ਵੀ ਇਸ ਫਿਲਮ ਨੂੰ ਅਲਹਦਾ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਪ੍ਰਦਾਨ ਕਰਨਗੇ, ਜਿੰਨ੍ਹਾਂ ਨੂੰ ਹਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਨਿਕ ਵੱਲੋਂ ਕੋਰਿਓਗ੍ਰਾਫ਼ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਕੰਮਲ ਹੋਣ ਵੱਲ ਵੱਧ ਚੁੱਕੀ ਇਸ ਫਿਲਮ ਦਾ ਜਿਆਦਾਤਰ ਹਿੱਸਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰਾਂ ਵਿੱਚ ਫ਼ਿਲਮਾਇਆ ਗਿਆ ਹੈ, ਜਿਸ ਤੋਂ ਇਲਾਵਾ ਕੁਝ ਭਾਗ ਪੰਜਾਬ ਵਿੱਚ ਵੀ ਸ਼ੂਟ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮੰਨੇ-ਪ੍ਰਮੰਨੇ ਐਕਟਰਜ਼ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਕੈਨੇਡਾ ਦੇ ਵੀ ਕਈ ਪ੍ਰਤਿਭਾਸ਼ਾਲੀ ਚਿਹਰੇ ਇਸ ਵਿੱਚ ਸਪੋਰਟਿੰਗ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਪੀਟੀਸੀ ਪੰਜਾਬੀ ਬੈਸਟ ਡਾਇਰੈਕਟਰ ਅਵਾਰਡ ਆਪਣੀ ਝੋਲੀ ਪਾ ਚੁੱਕੇ ਇਹ ਬਾਕਮਾਲ ਨਿਰਦੇਸ਼ਕ ਦੇ ਹੁਣ ਤੱਕ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਸ਼ੁਰੂ ਕੀਤਾ ਗਿਆ ਹੈ, ਜਿਸ ਦੌਰਾਨ ਨਵਨੀਅਤ ਸਿੰਘ, ਧੀਰਜ ਕੇਦਾਰਨਾਥ ਰਤਨ ਆਦਿ ਨਾਲ ਉਨ੍ਹਾਂ ਕਈ ਵੱਡੀਆਂ ਫਿਲਮਾਂ ਕਰਨ ਦਾ ਅਵਸਰ ਹਾਸਿਲ ਕੀਤਾ ਹੈ, ਜਿੰਨ੍ਹਾਂ ਵਿੱਚ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਸਿੰਘ ਵਰਸਿਜ਼ ਕੌਰ', 'ਰੋਮਿਓ ਰਾਂਝਾ' ਆਦਿ ਸ਼ੁਮਾਰ ਰਹੀਆਂ ਹਨ।