ਚੰਡੀਗੜ੍ਹ: ਨਿਰਦੇਸ਼ਕ ਅਮਰੀਕ ਗਿੱਲ ਵੱਲੋਂ ਨਿਰਦੇਸ਼ਿਤ ਕੀਤੀ ਰੌਸ਼ਨ ਪ੍ਰਿੰਸ ਸਟਾਰਰ ਪੰਜਾਬੀ ਫਿਲਮ ‘ਕਿਰਪਾਨ’ ਅਤੇ ਗਿੱਪੀ ਗਰੇਵਾਲ ਨਾਲ ‘ਲੱਕੀ ਦੀ ਅਨਲੱਕੀ ਸਟੋਰੀ’, ਆਰਿਆ ਬੱਬਰ ਨਾਲ ‘ਜੱਟਸ ਐਂਡ ਗੋਲਮਾਲ’ ਜਿਹੀਆਂ ਕਈਆਂ ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਦਾ ਹਿੱਸਾ ਰਹੀ ਖੂਬਸੂਰਤ ਅਦਾਕਾਰਾ ਸਮਿਕਸ਼ਾ ਹੁਣ ਬਾਲੀਵੁੱਡ ’ਚ ਵੀ ਸ਼ਾਨਦਾਰ ਪਾਰੀ ਵੱਲ ਵਧਦੀ ਨਜ਼ਰ ਆ ਰਹੀ ਹੈ, ਜੋ ਸ਼ੁਰੂ ਹੋਣ ਜਾ ਰਹੀ ਵੱਡੀ ਹਿੰਦੀ ਫਿਲਮ 'ਭਈਆਂਜੀ' ਵਿਚ ਮਨੋਜ ਬਾਜਪਾਈ ਦੇ ਨਾਲ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ।
ਮੂਲ ਰੂਪ ਵਿਚ ਚੰਡੀਗੜ੍ਹ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰਾ ਛੋਟੇ ਪਰਦੇ 'ਤੇ ਆਪਾਰ ਪ੍ਰਸਿੱਧੀ ਹਾਸਲ ਕਰਨ ਵਾਲੇ ‘ਜ਼ਾਰਾ’, ‘ਅਰਜੁਨ’, ‘ਬੜ੍ਹੀ ਦੂਰ ਸੇ ਆਏ ਹੈ’, ‘ਸਾਰਾਭਾਈ ਵਰਸਿਜ਼ ਸਾਰਾਭਾਈ’, ‘ਤਨਤਾਰਾ’ ਜਿਹੇ ਕਈ ਚਰਚਿਤ ਸੀਰੀਅਲਜ਼ ਵਿਚ ਵੀ ਅਹਿਮ ਭੂਮਿਕਾਵਾਂ ਨਿਭਾ ਚੁੱਕੀ ਹੈ। ਇਸ ਤੋਂ ਇਲਾਵਾ ‘ਦਾਦਾ’, ‘ਸਮਰਾਜਿਅਮ’, ‘ਬਰਾਹਮਨਲਦਮ ਡਰਾਮਾ ਕੰਪਨੀ’, ‘ਪੰਚਹਮੀਰਦਮ’, ‘ਮੁਰਾਗਾ’, ‘ਮੁਰੇਚੁਰੀ ਪੋਕਾਲ’ ਆਦਿ ਤੇਲਗੂ ਅਤੇ ਤਾਮਿਲ ਫਿਲਮਾਂ ਵਿਚ ਵੀ ਉਨਾਂ ਆਪਣੀ ਉਮਦਾ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।
ਉਤਰ ਪ੍ਰਦੇਸ਼ ਅਤੇ ਮੁੰਬਈ ਵਿਖੇ ਫਿਲਮਾਈ ਜਾਣ ਵਾਲੀ ਆਪਣੀ ਉਕਤ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰਾ ਸਮਿਕਸ਼ਾ ਨੇ ਦੱਸਿਆ ਕਿ ਐਕਸ਼ਨ ਡਰਾਮਾ-ਥ੍ਰਿਲਰ ਸਟੋਰੀ ਆਧਾਰਿਤ ਇਸ ਫਿਲਮ ਦਾ ਨਿਰਮਾਣ ਹਿੰਦੀ ਫਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਨਿਰਮਾਤਾ ਵਿਨੋਦ ਭਾਨੂਸ਼ਾਲੀ, ਕਮਲੇਸ਼ ਭਾਨੂਸ਼ਾਲੀ ਅਤੇ ਅਪੂਰਵਾ ਸਿੰਘ ਕਾਕੀ ਦੁਆਰਾ ਕੀਤਾ ਜਾ ਰਿਹਾ ਹੈ, ਜੋ ਇਸ ਤੋਂ ਪਹਿਲਾਂ 'ਸਿਰਫ਼ ਇਕ ਬੰਦਾ ਕਾਫ਼ੀ 'ਹੈ ਦਾ ਵੀ ਸੁਯੰਕਤ ਨਿਰਮਾਣ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ-ਪਟਕਥਾ ਦੀਪਕ ਕਿੰਗਰਾਨੀ ਵੱਲੋਂ ਲਿਖੀ ਗਈ ਹੈ, ਜੋ ਸਾਲ 70 ਅਤੇ 80 ਦਹਾਕੇ ਦੀ ਇਕ ਪ੍ਰਭਾਵੀ ਕਹਾਣੀ ਬਿਆਨ ਕਰੇਗੀ, ਜਿਸ ਦਾ ਨਿਰਦੇਸ਼ਨ ਅਪੂਰਾ ਸਿੰਘ ਕਾਕੀ ਕਰਨਗੇ। ਅਦਾਕਾਰਾ ਅਨੁਸਾਰ ਹਿੰਦੀ ਸਿਨੇਮਾ ਦੇ ਵਰਸਟਾਈਲ ਐਕਟਰ ਵਜੋਂ ਸ਼ੁਮਾਰ ਕਰਵਾਉਂਦੇ ਅਤੇ ਗਿਣਿਆਂ ਚੁਣੀਆਂ ਫਿਲਮਾਂ ਕਰਨ ਨੂੰ ਹੀ ਤਰਜੀਹ ਦੇਣ ਵਾਲੇ ਦਿੱਗਜ ਐਕਟਰ ਮਨੋਜ ਨਾਲ ਲੀਡ ਭੂਮਿਕਾ ਕਰਨਾ ਉਨਾਂ ਲਈ ਕਿਸੇ ਸੁਫ਼ਨੇ ਦੇ ਸਾਕਾਰ ਹੋਣ ਵਾਂਗ ਹੈ, ਜਿਸ ਦੇ ਮੱਦੇਨਜ਼ਰ ਨਿਭਾਈ ਜਾਣ ਵਾਲੀ ਆਪਣੀ ਭੂਮਿਕਾ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹੈ।
ਉਨ੍ਹਾਂ ਦੱਸਿਆ ਕਿ ਜਲਦ ਹੀ ਫਿਲਮ ਦੇ ਪਹਿਲੇ ਅਤੇ 45 ਰੋਜ਼ਾ ਸ਼ੂਟਿੰਗ ਸ਼ਡਿਊਲ ਨੂੰ ਉਤਰ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ 'ਤੇ ਪੂਰਾ ਕੀਤਾ ਜਾਵੇਗਾ, ਜਿਸ ਵਿਚ ਉਨਾਂ ਤੋਂ ਇਲਾਵਾ ਫਿਲਮ ਦਾ ਹਿੱਸਾ ਕਈ ਹੋਰ ਮੰਨੇ ਪ੍ਰਮੰਨੇ ਐਕਟਰਜ਼ ਸ਼ਬਾਨਾ ਰਾਜ ਬਾਜਪਾਈ, ਕਮਲੇਸ਼ ਭਾਨੂਸ਼ਾਲੀ, ਵਿਕਰਮ ਖ਼ਾਖਰ ਵੀ ਸ਼ਾਮਿਲ ਹੋਣਗੇ।
ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਇਸ ਅਦਾਕਾਰਾ ਨੇ ਦੱਸਿਆ ਕਿ ਇਸ ਨਵੀਂ ਫਿਲਮ ਤੋਂ ਬਾਅਦ ਉਹ ਕੁਝ ਹੋਰ ਹਿੰਦੀ ਅਤੇ ਪੰਜਾਬੀ ਫਿਲਮ ਪ੍ਰੋਜੈਕਟ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿਸ ਸੰਬੰਧੀ ਜਾਣਕਾਰੀ ਉਹ ਜਲਦ ਸਾਂਝੀ ਕਰੇਗੀ।