ਚੰਡੀਗੜ੍ਹ: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਇੱਕ ਵੱਡਾ ਨਾਮ ਹੈ। ਸੱਤੀ ਦੀਆਂ ਕਵਿਤਾਵਾਂ, ਸ਼ਬਦ ਅਤੇ ਬੋਲਣ ਦਾ ਅੰਦਾਜ਼ ਕਿਸੇ ਵੀ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਸੱਤੀ ਦੀਆਂ ਪ੍ਰੇਰਨਾਦਾਇਕ ਪੋਸਟਾਂ ਦੀ ਚਰਚਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਪਰ ਹੁਣ ਜੋ ਖਬਰ ਅਦਾਕਾਰਾ ਨੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ, ਇਸ ਨੇ ਸੱਚਮੁੱਚ ਹਰ ਪੰਜਾਬੀ ਨੂੰ ਖੁਸ਼ੀ ਦਿੱਤੀ ਹੈ। ਜੀ ਹਾਂ...ਸਤਿੰਦਰ ਸੱਤੀ ਨੇ ਕੈਨੇਡੀਅਨ ਵਕੀਲ ਦਾ ਲਾਇਸੈਂਸ ਪ੍ਰਾਪਤ ਕਰਕੇ ਹਰ ਪੰਜਾਬੀ ਖੁਸ਼ ਕੀਤਾ ਹੈ।
ਇਸ ਬਾਰੇ ਖੁਦ ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਸਟੋਰੀ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਵਕੀਲ ਦੇ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਅੱਜ (3 ਮਾਰਚ) ਅਲਬਰਟਾ ਵਿੱਚ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਵਕੀਲ ਦਾ ਤੋਹਫ਼ਾ ਭੇਂਟ ਕੀਤਾ ਗਿਆ। ਸਤਿੰਦਰ ਸੱਤੀ ਨੇ ਕਿਹਾ ਕਿ ਲੋਕ ਸ਼ਾਇਦ ਉਨ੍ਹਾਂ ਨੂੰ ਪੰਜਾਬੀ ਕਲਾਕਾਰ ਅਤੇ ਸਟੇਜ ਕਲਾਕਾਰ ਵਜੋਂ ਜਾਣਦੇ ਹੋਣਗੇ ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਉਨ੍ਹਾਂ ਨੇ ਵਕਾਲਤ (ਮਾਸਟਰ ਆਫ਼ ਲਾਅ) ਕੀਤੀ ਹੋਈ ਹੈ।
ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਵਕੀਲ ਜ਼ੀ ਫਰਮ ਦੇ ਮਾਲਕ ਬੈਰਿਸਟਰ ਅਤੇ ਸਾਲਿਸਟਰ ਗੁਰਪ੍ਰੀਤ ਔਲਖ ਨੇ ਕਿਹਾ ਕਿ ਬੈਰਿਸਟਰ ਅਤੇ ਸਾਲਿਸਟਰ ਸਤਿੰਦਰ ਸੱਤੀ ਨੂੰ ਵਕਾਲਤ ਦਾ ਹੁਨਰ ਸਿਖਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਨੂੰ ਉਸ ਨੂੰ ਸਿਖਾਉਣ ਦਾ ਮੌਕਾ ਮਿਲਿਆ ਹੈ ਜਿਸਨੂੰ ਅਸੀਂ ਕਦੇ ਟੀਵੀ ਦੇ ਵੱਖ ਵੱਖ ਪ੍ਰੋਗਰਾਮਾਂ ਵਿੱਚ ਦੇਖਦੇ ਹੁੰਦੇ ਸੀ।
ਸੱਤੀ ਅਨੁਸਾਰ ਨੇ ਆਪਣੀ ਵਕਾਲਤ ਦੀ ਪੜ੍ਹਾਈ ਬਾਰੇ ਬੋਲਦੇ ਹੋਏ ਕਿਹਾ ਕਿ ਜਸਵੰਤ ਮਾਂਗਟ ਨੇ ਹੀ ਮੈਨੂੰ ਕੋਰੋਨਾ ਸਮੇਂ ਦੌਰਾਨ ਵਕਾਲਤ ਕਰਨ ਲਈ ਉਤਸ਼ਾਹ ਕੀਤਾ ਸੀ। ਅੱਗੇ ਉਸ ਨੇ ਕਿਹਾ ਕਿ ਪੰਜਾਬੀ ਮੰਨੋਰੰਜਨ ਜਗਤ ਦੇ ਇਤਿਹਾਸ ਵਿਚ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਕਲਾਕਾਰ ਨੇ ਪ੍ਰੋਫੈਸ਼ਨਲ ਕਲਾਕਾਰ ਵਜੋਂ ਇੰਨੇ ਲੰਬੇ ਕਰੀਅਰ ਤੋਂ ਬਾਅਦ ਪ੍ਰੋਫੈਸ਼ਨਲ ਡਿਗਰੀ ਹਾਸਲ ਕੀਤੀ ਹੈ। ਇਹ ਪੰਜਾਬੀ ਇੰਡਸਟਰੀ ਲਈ ਮਾਣ ਵਾਲੀ ਗੱਲ ਹੋਣ ਦੇ ਨਾਲ-ਨਾਲ ਸਾਰਿਆਂ ਲਈ ਪ੍ਰੇਰਨਾ ਸਰੋਤ ਵੀ ਹੈ। ਸਤਿੰਦਰ ਸੱਤੀ ਇਸ ਟਾਈਮ ਕੈਨੇਡਾ ਵਿੱਚ ਨੇ, ਜਿੱਥੇ ਉਸਨੂੰ ਇਹ ਵੱਡਾ ਤੋਹਫਾ ਔਰਤ ਦਿਵਸ ਤੋਂ ਪਹਿਲਾਂ ਮਿਲਿਆ ਹੈ।
ਤੁਹਾਨੂੰ ਦੱਸ ਦਈਏ ਕਿ ਫਿਟਨੈੱਸ ਫ੍ਰੀਕ ਗਾਇਕਾ-ਅਦਾਕਾਰਾ ਸਤਿੰਦਰ ਸੱਤੀ ਹਮੇਸ਼ਾ ਹੀ ਆਪਣੇ ਵਰਕਆਊਟ ਅਤੇ ਯੋਗਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਇਸ ਤੋਂ ਇਲਾਵਾ ਅਦਾਕਾਰਾ ਪ੍ਰੇਰਨਾਦਾਇਕ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੀ ਰਹਿੰਦੀ ਹੈ।