ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਚਰਚਿਤ ਅਤੇ ਸਫ਼ਲ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਕਾਮਯਾਬ ਰਹੀ ਹੈ ਅਦਾਕਾਰ ਮੈਂਡੀ ਤੱਖਰ, ਜਿਸ ਦੀ ਨਵੀਂ ਪੰਜਾਬੀ ਫਿਲਮ 'ਸਿਕਸ ਈਚ' ਆਗਾਜ਼ ਵੱਲ ਵੱਧ ਚੁੱਕੀ ਹੈ, ਜਿਸ ਦਾ ਨਿਰਦੇਸ਼ਨ ਪਾਲੀਵੁੱਡ ਵਿਚ ਨਵ ਨਿਰਦੇਸ਼ਨ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਗੈਰੀ ਖਟਰਾਓ ਵੱਲੋਂ ਕੀਤਾ ਜਾਵੇਗਾ।
"ਹਰਦੀਪ ਗਰੇਵਾਲ ਪ੍ਰੋਡੋਕਸ਼ਨ" ਦੇ ਬੈਨਰ ਅਧੀਨ ਬਣਨ ਜਾ ਰਹੀ ਇਸ ਫਿਲਮ ਵਿੱਚ ਹਰਦੀਪ ਗਰੇਵਾਲ ਅਤੇ ਮੈਂਡੀ ਤੱਖਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਨਾਲ ਪੰਜਾਬੀ ਸਿਨੇਮਾ ਦੇ ਹੋਰ ਕਈ ਨਾਮਵਰ ਅਤੇ ਮੰਝੇ ਹੋਏ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ, ਜਿਸ ਵਿੱਚ ਮਲਕੀਤ ਰੌਣੀ, ਅਨੀਤਾ ਮੀਤ, ਸੁਖਦੇਵ ਬਰਨਾਲਾ, ਹਰਿੰਦਰ ਭੁੱਲਰ ਆਦਿ ਸ਼ੁਮਾਰ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਉਕਤ ਫਿਲਮ ਦਾ ਨਿਰਮਾਣ ਕਰ ਰਹੇ ਹਰਦੀਪ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ ਅਧੀਨ ਬਣਾਈ ਜਾ ਰਹੀ ਇਹ ਉਨਾਂ ਦੀ ਤੀਸਰੀ ਪੰਜਾਬੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ਬਹੁ-ਚਰਚਿਤ ਅਤੇ ਸਫ਼ਲ ਫਿਲਮਾਂ 'ਤੁਣਕਾ ਤੁਣਕਾ' ਅਤੇ 'ਬੈਚ 2013' ਦਾ ਨਿਰਮਾਣ ਕਰ ਚੁੱਕੇ ਹਨ, ਇਸ ਤੋਂ ਇਲਾਵਾ ਉਨਾਂ ਦੀ ਬਤੌਰ ਅਦਾਕਾਰ ਇੱਕ ਹੋਰ ਫਿਲਮ 'ਜਿੰਦੇ ਕੁੰਡੇ ਲਾ ਲਓ' ਵੀ ਰਿਲੀਜ਼ ਲਈ ਤਿਆਰ ਹੈ, ਜਿਸ ਵਿਚ ਉਹ ਅਦਾਕਾਰਾ ਇਹਾਨਾ ਢਿੱਲੋਂ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਉਣਗੇ।
ਸਾਲ 2024 ਦੇ ਪਹਿਲੇ ਪੜਾਅ ਅਧੀਨ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਜਾ ਰਹੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਅਰੁਣਦੀਪ ਤੇਜ਼ੀ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੇ ਹਿੰਦੀ ਅਤੇ ਪੰਜਾਬੀ ਫਿਲਮ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।
ਓਧਰ ਜੇਕਰ ਉਕਤ ਫਿਲਮ 'ਚ ਲੀਡ ਭੂਮਿਕਾ ਅਦਾ ਕਰ ਰਹੀ ਅਦਾਕਾਰਾ ਮੈਂਡੀ ਤੱਖਰ ਦੇ ਮੌਜੂਦਾ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਉਹ ਕਈ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਬਣੇ ਨਜ਼ਰ ਆ ਰਹੇ ਹਨ, ਜਿੰਨਾਂ ਵਿੱਚੋਂ ਕੁਝ ਫਿਲਮਾਂ ਦੀ ਸ਼ੂਟਿੰਗ ਸੰਪੂਰਨ ਹੋ ਚੁੱਕੀ ਹੈ ਅਤੇ ਕੁਝ ਔਨ ਫਲੌਰ ਹਨ, ਜਿੰਨਾਂ ਵਿੱਚ ਵੱਡਾ ਘਰ ਤੋਂ ਇਲਾਵਾ ਧੀਰਜ ਕੇਦਾਰਨਾਥ ਰਤਨ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ 'ਪਾਰ ਚਨਾਂ ਦੇ' ਆਦਿ ਸ਼ੁਮਾਰ ਹੈ, ਜਿਸ ਵਿਚ ਉਹ ਗੀਤਾਜ ਬਿੰਦਰਖੀਆ ਦੇ ਨਾਲ ਲੀਡ ਰੋਲ ਵਿਚ ਨਜ਼ਰੀ ਆਵੇਗੀ।
ਗਿਣੀਆਂ ਚੁਣੀਆਂ ਫਿਲਮਾਂ ਅਤੇ ਭੂਮਿਕਾਵਾਂ ਨੂੰ ਤਰਜ਼ੀਹ ਦੇ ਰਹੀ ਇਹ ਖੂਬਸੂਰਤ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੱਡੇ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਵੀ ਹੈ।