ਚੰਡੀਗੜ੍ਹ: ਹਿੰਦੀ ਫ਼ਿਲਮ ਇੰਡਸਟਰੀ ਦੀਆਂ ਖੂਬਸੂਰਤ ਅਦਾਕਾਰਾਂ ਵਿਚੋਂ ਇੱਕ ਪ੍ਰੀਤੀ ਝਾਂਗਿਆਨੀ ਹੈ, ਅਦਾਕਾਰਾ ਪ੍ਰੀਤੀ ਝਾਂਗਿਆਨੀ ਅੱਜਕੱਲ੍ਹ ਯੋਗਾ ਅਤੇ ਖੇਡ ਖੇਤਰ ਨੂੰ ਪ੍ਰਫੁੱਲਤ ਕਰਨ ਵਿਚ ਵੀ ਵਧੱ ਚੜ੍ਹ ਕੇ ਆਪਣੀ ਮੌਜੂਦਗੀ ਅਤੇ ਯੋਗਦਾਨ ਦਰਜ ਕਰਵਾ ਰਹੀ ਹੈ, ਜਿੰਨ੍ਹਾਂ ਦੀਆਂ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਲਈ ਕੀਤੀਆਂ ਜਾ ਰਹੀਆਂ ਸਾਰਥਿਕ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮਹਾਰਾਸ਼ਟਰ ਆਰਮ ਰੈਸਲਿੰਗ ਐਸੋਸੀਏਸ਼ਨ ਦੀ ਪ੍ਰੈਜੀਡੈਂਟ ਨਿਯੁਕਤ ਕੀਤਾ ਗਿਆ ਹੈ।
![Preeti Jhangiani](https://etvbharatimages.akamaized.net/etvbharat/prod-images/pb-fdk-10034-03-preeti-jhangiani-became-the-president-of-maharashtra-arm-wrestling-association_24032023122643_2403f_1679641003_257.jpg)
ਸਾਲ 1997 ਵਿਚ ਰਾਜਸ੍ਰੀ ਪ੍ਰੋਡੋਕਸ਼ਨ ਦੁਆਰਾ ਰਿਲੀਜ਼ ਕੀਤੇ ਗਏ ਮਿਊਜ਼ਿਕ ਵੀਡੀਓ ‘ਯੇਹ ਹੈ ਪ੍ਰੇਮ’ ਦੁਆਰਾ ਅਭਿਨੈ ਖੇਤਰ ਵਿਚ ਸ਼ਾਨਦਾਰ ਆਗਮਨ ਕਰਨ ਵਾਲੀ ਪ੍ਰੀਤੀ ਝਾਂਗਿਆਨੀ ਨੇ ਸੁਨਿਹਰੀ ਸਕਰੀਨ 'ਤੇ ਪਹਿਲੀ ਦਸਤਕ ਨਿਰਦੇਸ਼ਕ ਯਸ਼ ਚੋਪੜ੍ਹਾ ਦੀ ‘ਮੁਹੱਬਤੇਂ’ ਨਾਲ ਦਿੱਤੀ। ਇਸ ਫ਼ਿਲਮ ਤੋਂ ਮਿਲੀ ਸਰਾਹਣਾ ਅਤੇ ਸਫ਼ਲਤਾ ਉਪਰੰਤ ਉਨ੍ਹਾਂ ਫ਼ਿਰ ਪਿੱਛੇ ਮੁੜ੍ਹ ਕੇ ਨਹੀਂ ਵੇਖਿਆ ਅਤੇ ‘ਆਵਾਰਾ ਪਾਗਲ ਦੀਵਾਨਾ’, ‘ਨਾ ਤੁਮ ਜਾਨੋ ਨਾ ਹਮ’, ‘ਵਾਹ ਤੇਰਾ ਕਯਾ ਕਹਿਣਾ’, ‘ਅਨਰਥ’, ‘ਬਾਜ’, ‘ਐਲਓਸੀ’, ‘ਚੇਹਰਾ’, ‘ਚਾਹਤ ਇਕ ਨਸ਼ਾ’, ‘ਜਾਨੋ ਹੋਗਾ ਕਯਾ’ , ‘ਵਿਕਟੋਰੀਆਂ ਨੰਬਰ 203’, ‘ਵਿਸ਼ਾਖਾ ਐਕਸਪ੍ਰੈਸ’, ‘ਕਾਸ਼ ਤੁਮ ਹੋਤੇ’ ਆਦਿ ਜਿਹੀਆਂ ਕਈ ਚਰਚਿਤ ਅਤੇ ਬੇਹਤਰੀਨ ਫ਼ਿਲਮਾਂ ਵਿਚ ਉਨ੍ਹਾਂ ਆਪਣੀ ਸ਼ਾਨਦਾਰ ਅਤੇ ਅਨੂਠੀ ਅਭਿਨੈ ਸਮਰੱਥਾ ਦਾ ਸ਼ਾਨਦਾਰ ਅਤੇ ਪ੍ਰਭਾਵੀ ਮੁਜ਼ਾਹਰਾ ਕੀਤਾ।
![Preeti Jhangiani](https://etvbharatimages.akamaized.net/etvbharat/prod-images/pb-fdk-10034-03-preeti-jhangiani-became-the-president-of-maharashtra-arm-wrestling-association_24032023122643_2403f_1679641003_224.jpg)
ਜੇਕਰ ਇਸ ਹੋਣਹਾਰ ਅਦਾਕਾਰਾ ਦੀ ਨਿੱਜੀ ਜਿੰਦਗੀ ਵੱਲ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਹਿੰਦੀ ਸਿਨੇਮਾ ਦੇ ਹੀ ਇਕ ਬਾਕਮਾਲ ਅਦਾਕਾਰ ਪ੍ਰਵੀਨ ਡਬਾਸ ਨੂੰ ਆਪਣਾ ਹਮਸਫ਼ਰ ਬਣਾਇਆ, ਜਿੰਨ੍ਹਾਂ ਨਾਲ ਬਣੇ ਵਿਆਹ ਸਾਥ ਉਪਰੰਤ ਉਨ੍ਹਾਂ ਪ੍ਰਵੀਨ ਵੱਲੋਂ ਸਾਲ 2020 ਹੀ ਸ਼ੁਰੂ ਕੀਤੀ ਦੀਆਂ ਪ੍ਰੋ ਪੰਜ਼ਾ ਲੀਗ ਦੀਆਂ ਨੀਹਾਂ ਬੰਨਣ ਅਤੇ ਇਸਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੀ ਇਸ ਲੀਗ ਪ੍ਰਤੀ ਜਨੂੰਨੀਅਤ ਹੱਦ ਤੱਕ ਰਹੀ ਇਹ ਕਾਰਜ਼ਸੀਲਤਾ ਅਜੇ ਵੀ ਲਗਾਤਾਰ ਜਾਰੀ ਹੈ।
![Preeti Jhangiani](https://etvbharatimages.akamaized.net/etvbharat/prod-images/pb-fdk-10034-03-preeti-jhangiani-became-the-president-of-maharashtra-arm-wrestling-association_24032023122643_2403f_1679641003_783.jpg)
ਦੇਸ਼ਭਰ ਵਿਚ ਇਸ ਲੀਗ ਨੂੰ ਆਰਗਨਾਈਜ਼ਰ ਕਰਨ ਅਤੇ ਇਸ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜ੍ਹਨ ਦਾ ਮਾਣ ਹਾਸਿਲ ਕਰ ਰਹੀ ਪ੍ਰੀਤੀ ਝਾਂਗਿਆਨੀ ਇਸੇ ਖੇਡ ਪ੍ਰਬੰਧਨ ਅਧੀਨ ਹਰਿਆਣਾ, ਚੰਡੀਗੜ੍ਹ ਸਮੇਤ ਹੁਣ ਤੱਕ ਭਾਰਤ ਦੇ ਕਈ ਹਿੱਸਿਆ ਵਿਚ ਕਈ ਮੇਗਾ ਮੈਚ, ਪ੍ਰਚਾਰ ਪ੍ਰੋਗਰਾਮ ਆਦਿ ਦਾ ਸਫ਼ਲਤਾਪੂਰਵਕ ਸੰਚਾਲਣ ਕਰ ਚੁੱਕੀ ਹੈ।
![Preeti Jhangiani](https://etvbharatimages.akamaized.net/etvbharat/prod-images/pb-fdk-10034-03-preeti-jhangiani-became-the-president-of-maharashtra-arm-wrestling-association_24032023122643_2403f_1679641003_595.jpg)
ਉਕਤ ਲੀਗ ਦੇ ਅਹਿਮ ਪੜਾਵਾਂ ਅਧੀਨ ਹੀ ਵਿਕਲਾਂਗ ਨੌਜਵਾਨਾਂ ਨੂੰ ਵੀ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ, ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਿਚ ਇਹ ਪ੍ਰਤਿਭਾਸ਼ਾਲੀ ਅਦਾਕਾਰਾ ਅਹਿਮ ਯੋਗਦਾਨ ਪਾ ਰਹੀ ਹੈ, ਜਿਸ ਨਾਲ ਉਨ੍ਹਾਂ ਨੂੰ ਸਮਾਜਿਕ ਬਰਾਬਰੀ ਹਾਸਿਲ ਕਰਨ ਦਾ ਮਾਣ ਵੀ ਆਪਣੇ ਹਿੱਸੇ ਪਾਉਂਦੇ ਜਾ ਰਹੇ ਹਨ।
ਉਨ੍ਹਾਂ ਦੀਆਂ ਅਜਿਹੀਆਂ ਹੀ ਮਾਣਮੱਤੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਆਰਮ ਰੈਸਲਿੰਗ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਥਾਪਿਆ ਗਿਆ ਹੈ, ਜਿਸ ਸੰਬੰਧੀ ਮਿਲੀ ਇਸ ਫ਼ਖਰ ਭਰੀ ਪ੍ਰਾਪਤੀ ਨੂੰ ਲੈ ਪ੍ਰੀਤੀ ਝਾਂਗਿਆਨੀ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਝੋਲੀ ਪਏ ਇਸ ਇਕ ਹੋਰ ਅਨਮੋਲ ਮਾਣ 'ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਹਾ ਕਿ ਆਗਾਮੀ ਦਿਨ੍ਹੀਂ ਵੀ ਨੌਜਵਾਨ ਵਰਗ ਲਈ ਉਹ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਣਗੇ ਅਤੇ ਇਸ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਨੂੰ ਹੋਰ ਵਿਸਥਾਰ ਦੇਣ ਲਈ ਯਤਨਸ਼ੀਲ ਰਹਿਣਗੇ।
ਇਹ ਵੀ ਪੜ੍ਹੋ:Emraan Hashmi Birthday: 'ਤੂੰ ਹੀ ਮੇਰੀ ਸ਼ਬ ਹੈ' ਤੋਂ 'ਲੁਟ ਗਏ' ਤੱਕ, ਦੇਖੋ ਇਮਰਾਨ ਹਾਸ਼ਮੀ ਦੇ ਕੁੱਝ ਰੋਮਾਂਟਿਕ ਗੀਤ