ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਕੁਝ ਵੱਖਰੀ ਤਰ੍ਹਾਂ ਦੇ ਸਿਨੇਮਾ ਸਿਰਜਨਾ ਦੇ ਰੰਗ ਭਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਨਿਰਦੇਸ਼ਕਾਂ ਵਿੱਚ ਇੱਕ ਹੋਰ ਨਾਂ ਸ਼ਾਮਿਲ ਹੋਇਆ ਹੈ ਨੌਜਵਾਨ ਫਿਲਮਕਾਰ ਬਿੱਟਾ ਗਿੱਲ ਦਾ, ਜਿੰਨ੍ਹਾਂ ਵੱਲੋਂ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਪੰਜਾਬੀ ਲਘੂ ਫਿਲਮ ਦੀ ਸ਼ੂਟਿੰਗ ਮਾਲਵਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪੂਰੀ ਕਰ ਲਈ ਗਈ ਹੈ।
ਫਿਲਮ ਦਾ ਕਾਫ਼ੀ ਹਿੱਸਾ ਰਜਵਾੜ੍ਹਾਸ਼ਾਹੀ ਜਿਲ੍ਹਾ ਫ਼ਰੀਦਕੋਟ ਦੀਆਂ ਕਈ ਲੋਕੇਸ਼ਨਜ 'ਤੇ ਵੀ ਫਿਲਮਾਇਆ ਗਿਆ ਹੈ, ਜਿਸ ਦੇ ਮੱਦੇਨਜ਼ਰ ਹੀ ਨਜ਼ਦੀਕੀ ਪਿੰਡ ਟਹਿਣਾ ਵਿਖੇ ਕਈ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਪੂਰਾ ਕੀਤਾ ਗਿਆ। ਇਸ ਸਮੇਂ ਫਿਲਮ ਦੇ ਕਹਾਣੀ ਸਾਰ ਅਤੇ ਹੋਰਨਾਂ ਅਹਿਮ ਪਹਿਲੂਆਂ ਦੀ ਜਾਣਕਾਰੀ ਦਿੰਦਿਆਂ ਇਸ ਪ੍ਰਤਿਭਾਸ਼ਾਲੀ ਨਿਰਦੇਸ਼ਕ ਨੇ ਦੱਸਿਆ ਕਿ ਅਜੋਕੇ ਸਮੇਂ ਪੈਦਾ ਹੋ ਰਹੀਆਂ ਵੱਖ-ਵੱਖ ਭਰਮਬਾਜੀਆਂ ਅਤੇ ਭੋਲੇ-ਭਾਲੇ ਲੋਕਾਂ ਨੂੰ ਧਰਮ ਅਤੇ ਜਾਤ ਪਾਤ ਦੇ ਨਾਂਅ 'ਤੇ ਉਲਝਾ ਆਪਣੇ ਮਤਲਬ ਕੱਢ ਰਹੇ ਸਾਜ਼ਿਸੀ ਅਤੇ ਤੇਜ ਤਰਾਰ ਲੋਕਾਂ ਦੇ ਇਰਾਦਿਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਆਪਣੇ ਅਸਲ ਹੱਕਾਂ ਤੋਂ ਦੂਰ ਕੀਤੇ ਜਾਣ ਵਾਲਿਆਂ ਇਨਸਾਨਾਂ ਨਾਲ ਹੋ ਰਹੀਆਂ ਜਿਆਦਤੀਆਂ ਨੂੰ ਪ੍ਰਭਾਵੀ ਰੂਪ ਵਿਚ ਦਰਸਾਉਣ ਜਾ ਰਹੀ ਹੈ ਇਹ ਫਿਲਮ, ਜਿਸ ਵਿਚ ਹਰ ਪਾਸੇ ਵੱਧ ਰਹੇ ਰਾਜਨੀਤਿਕ ਦਖ਼ਲਾਂ, ਚਾਹੇ ਉਹ ਪਿੰਡ ਹੋਵੇ, ਪੜ੍ਹਾਈ ਕੇਂਦਰ ਜਾਂ ਹੋਰ ਸਰਕਾਰੀ ਨੁਮਾਇੰਦਗੀ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ।
ਪੰਜਾਬੀ ਗੀਤ-ਸੰਗੀਤ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਰੱਖਦੇ ਇਸ ਹੋਣਹਾਰ ਫਿਲਮਕਾਰ ਨੇ ਅੱਗੇ ਦੱਸਿਆ ਕਿ ਜੇਕਰ ਫਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਮਸ਼ਹੂਰ ਕਰੈਕਟਰ ਅਦਾਕਾਰ ਲਛਮਣ ਭਾਣਾ, ਅਮਰਜੀਤ ਸੇਖੋਂ ਤੋਂ ਇਲਾਵਾ ਥੀਏਟਰ ਅਤੇ ਫਿਲਮ ਜਗਤ ਦੇ ਵੀ ਕਈ ਹੋਰ ਮੰਝੇ ਹੋਏ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿਸ ਤੋਂ ਇਲਾਵਾ ਇਸ ਨੂੰ ਸੰਪੂਰਨਤਾ ਵੱਲ ਵਧਾਉਣ ਅਤੇ ਪ੍ਰਭਾਵਪੂਰਨ ਮੁਹਾਂਦਰਾ ਦੇਣ ਵਿੱਚ ਹਰਜੋਤ ਨਟਰਾਜ ਵੀ ਅਹਿਮ ਯੋਗਦਾਨ ਦੇ ਰਹੇ ਹਨ, ਜੋ ਰੰਗਮੰਚ ਦੇ ਖੇਤਰ ਵਿੱਚ ਕਾਫੀ ਨਿਵੇਕਲੀ ਪਹਿਚਾਣ ਕਾਇਮ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਫਿਲਮਾਂ ਨੂੰ ਸੰਪਾਦਕ ਦੇ ਰੂਪ ਵਿੱਚ ਉਮਦਾ ਰੂਪ ਦੇਣ ਦਾ ਮਾਣ ਲਗਾਤਾਰ ਹਾਸਿਲ ਕਰ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਸੰਪੂਰਨਤਾ ਪੜ੍ਹਾਅ ਵੱਲ ਵੱਧ ਚੁੱਕੀ ਇਸ ਲਘੂ ਫਿਲਮ ਦੇ ਟਾਈਟਲ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਐਲਾਨ ਅਗਲੇ ਦਿਨ੍ਹਾਂ ਵਿੱਚ ਕੀਤਾ ਜਾ ਰਿਹਾ ਹੈ, ਜਿਸ ਦੇ ਨਾਲ ਹੀ ਇਸ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਵੀ ਸ਼ੁਰੂ ਕਰ ਦਿੱਤੇ ਜਾਣਗੇ, ਤਾਂ ਕਿ ਇਸ ਫਿਲਮ ਨੂੰ ਜਲਦ ਤੋਂ ਜਲਦ ਕੁਝ ਵੱਖਰਾ ਵੇਖਣ ਦੀ ਤਾਂਘ ਰੱਖਦੇ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਸਕੇ।