ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਛੋਟੇ ਪਰਦੇ ਲਈ ਬਹੁਤ ਸਾਰੇ ਪ੍ਰਭਾਵੀ ਕਿਰਦਾਰ ਅਦਾ ਕਰ ਚੁੱਕੇ ਮਸ਼ਹੂਰ ਐਕਟਰ ਗੁਫੀ ਪੇਂਟਲ ਦਾ ਅੱਜ ਸਵੇਰੇ ਮੁੰਬਈ ਵਿਖੇ ਦੇਹਾਂਤ ਹੋ ਗਿਆ, ਜੋ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਬਾਲੀਵੁੱਡ ਦੇ ਮਹਾਨ ਨਿਰਦੇਸ਼ਕ ਰਹੇ ਸਵ.ਬੀ.ਆਰ ਚੋਪੜ੍ਹਾ ਦੇ ਅਪਾਰ ਮਕਬੂਲ ਰਹੇ ਸੀਰੀਅਲ ‘ਮਹਾਭਾਰਤ’ ਵਿਚ ਸ਼ੁਕਨੀ ਮਾਮਾ ਦੀ ਯਾਦਗਾਰੀ ਭੂਮਿਕਾ ਅਤੇ ਹੋਰ ਅਨੇਕਾਂ ਭੂਮਿਕਾਵਾਂ ਨਿਭਾ ਕੇ ਪ੍ਰਸਿੱਧ ਹੋਏ ਇਹ ਮੰਝੇ ਹੋਏ ਐਕਟਰ ਬੀਤੇ ਦਿਨ੍ਹੀਂ ਵਿਖੇ ਅੰਧੇਰੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਏ ਗਏ ਸਨ, ਜਿੱਥੇ ਉਨ੍ਹਾਂ ਦੀ ਹਾਲਤ ਲਗਾਤਾਰ ਖਰਾਬ ਬਣੀ ਰਹੀ, ਜਿਸ ਦੇ ਚਲਦਿਆਂ ਹੀ ਸੋਮਵਾਰ ਨੂੰ ਉਹ ਇਸ ਦੁਨੀਆਂ ਅਤੇ ਆਪਣੇ ਲੱਖਾਂ ਚਾਹੁੰਣ ਵਾਲਿਆਂ ਨੂੰ ਅਲਵਿਦਾ ਕਹਿ ਗਏ।
ਇਸ ਮਹਾਨ ਐਕਟਰ ਦੇ ਅੰਤਿਮ ਸਮੇਂ ਉਨਾਂ ਦੇ ਭਰਾ ਪੇਂਟਲ ਜੋ ਖੁਦ ਮੰਨੇ ਪ੍ਰਮੰਨੇ ਐਕਟਰ ਅਤੇ ਕਾਮੇਡੀਅਨ ਹਨ, ਭਤੀਜੇ ਹਿਤੇਨ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰ ਵੀ ਹਾਜ਼ਰ ਸਨ, ਜਿੰਨ੍ਹਾਂ ਅਨੁਸਾਰ ਉਕਤ ਹਸਪਤਾਲ ਦੇ ਆਈਸੀਯੂ ਵਿਚ ਕਈ ਦਿਨ ਰਹਿਣ ਦੇ ਬਾਵਜੂਦ ਉਨਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ।
ਆਪਣੀ ਉਮਰ ਦਾ 80ਵਾਂ ਸਾਲ ਹੰਢਾ ਰਹੇ ਗੁਫੀ ਪੇਂਟਲ ਆਪਣੇ ਵਿਸ਼ੇਸ਼ ਸੰਵਾਦ ਅਦਾਇਗੀ ਕਰਕੇ ਵੀ ਜਾਣੇ ਜਾਂਦੇ ਹਨ, ਜਿੰਨ੍ਹਾਂ ਹਿੰਦੀ ਸਿਨੇਮਾ ਦੇ 80ਵੇਂ ਦਹਾਕੇ ਦੌਰਾਨ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕਰਨ ਦੇ ਨਾਲ ਨਾਲ ‘ਰਫ਼ੂ ਚੱਕਰ’, ‘ਦੇਸ਼ ਪਰਦੇਸ’, ‘ਦਿਲਲਗੀ’, ‘ਮੈਦਾਨ ਏ ਜੰਗ’, ‘ਦਾਵਾ’, ‘ਸੁਹਾਗ’, ‘ਸਮਰਾਟ ਐਂਡ ਕੰਪਨੀ’ ਸਹਿਤ ਅਣਗਿਣਤ ਫਿਲਮਾਂ ਨੂੰ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਈ।
- Aditi Rao Hyderi: ਸਿਧਾਰਥ ਅਤੇ ਬੀਨਾ ਕਾਕ ਨਾਲ ਰਾਜਸਥਾਨ ਵਿੱਚ ਛੁੱਟੀਆਂ ਮਨਾ ਰਹੀ ਹੈ ਅਦਿਤੀ ਰਾਓ ਹੈਦਰੀ
- Sulochna Latkar: ਪੀਐਮ ਮੋਦੀ ਸਮੇਤ ਇਨ੍ਹਾਂ ਹਸਤੀਆਂ ਨੇ ਦਿੱਗਜ ਅਦਾਕਾਰਾ ਸੁਲੋਚਨਾ ਲਟਕਰ ਦੀ ਮੌਤ 'ਤੇ ਪ੍ਰਗਟਾਇਆ ਦੁੱਖ
- Yami Gautam Wedding Anniversary: ਯਾਮੀ ਗੌਤਮ ਦੇ ਵਿਆਹ ਨੂੰ ਪੂਰੇ ਹੋਏ 2 ਸਾਲ, ਇਸ ਤਰ੍ਹਾਂ ਆਪਣੇ ਪਤੀ ਨੂੰ ਦਿੱਤੀਆਂ ਸ਼ੁਭਕਾਮਨਾਵਾਂ
ਮਾਇਆਨਗਰੀ ਮੁੰਬਈ ਵਿਖੇ ਬਤੌਰ ਸਹਾਇਕ ਨਿਰਦੇਸ਼ਕ ਆਪਣੇ ਕਰੀਅਰ ਦਾ ਆਗਾਜ਼ ਕਰਨ ਵਾਲੇ ਇਸ ਬੇਹਤਰੀਨ ਐਕਟਰ ਨੇ ਨਿਰਦੇਸ਼ਕ ਦੇ ਤੌਰ 'ਤੇ ਫਿਲਮ 'ਈ ਚੈਤਨਯ ਮਹਾਪ੍ਰਭੂ' ਡਾਇਰੈਕਟ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ‘ਬਹਾਦਰ ਸ਼ਾਹ ਜਫ਼ਰ’, ‘ਕਾਨੂੰਨ’, ‘ਸੌਦਾ’, ‘ਅਕਬਰ ਬੀਰਬਲ’, ‘ਸੀਆਈਡੀ’, ‘ਭਾਰਤ ਕਾ ਵੀਰ’, ‘ਕਰਮਾਫ਼ਲ’, ‘ਰਾਧਾ ਕ੍ਰਿਸ਼ਨ’, ‘ਕਰਨ ਸੰਗਨੀ’, ‘ਮਿਸਿਜ਼ ਕੌਸ਼ਿਕ ਕੀ ਪਾਂਚ ਬਹਿਣੇ’ ਆਦਿ ਜਿਹੇ ਕਈ ਲੋਕਪ੍ਰਿਯ ਟੀ.ਵੀ ਸੀਰੀਅਲ ਵਿਚ ਉਨ੍ਹਾਂ ਆਪਣੇ ਅਭਿਨੈ ਦਾ ਲੋਹਾ ਬਾਖ਼ੂਬੀ ਮੰਨਵਾਉਣ ਦਾ ਮਾਣ ਹਾਸਿਲ ਕੀਤਾ।
ਬਾਲੀਵੁੱਡ ਨੂੰ ਇਕ ਹੋਰ ਡੂੰਘਾ ਸਦਮਾ ਦੇ ਗਏ ਇਸ ਦੁਖਦ ਮੌਕੇ 'ਤੇ ਵੱਖ ਵੱਖ ਸਿਨੇਮਾ ਸ਼ਖ਼ਸੀਅਤਾਂ ਵੱਲੋਂ ਗਹਿਰੇ ਸ਼ੋਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹੀ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕਰਦਿਆਂ ਫਿਲਮ ਨਿਰਦੇਸ਼ਕ ਰਾਜੀਵ ਚੌਧਰੀ, ਅਸ਼ੌਕ ਤਿਆਗੀ, ਗੁੱਡੂ ਧਨੋਆ, ਦੀਪਕ ਬਲਰਾਜ ਵਿਜ਼, ਐਕਟਰ ਪ੍ਰਵੀਨ ਡਬਾਸ, ਅਮਰ ਉਪਧਿਆਏ, ਕ੍ਰਿਸ਼ਨਾ ਅਭਿਸ਼ੇਕ, ਅਦਾਕਾਰਾ ਪ੍ਰੀਤੀ ਝਾਂਗਿਆਨੀ, ਟੀ.ਵੀ ਅਦਾਕਾਰਾ ਰੋਸ਼ਨੀ ਸਹੋਤਾ, ਅਦਾਕਾਰ ਅੰਜ਼ਨ ਸ੍ਰੀਵਾਸਤਵਾ, ਅਵਤਾਰ ਗਿੱਲ, ਰਾਣਾ ਜੰਗ ਬਹਾਦਰ, ਐਕਟ੍ਰੈਸ ਟੀਨਾ ਘਈ, ਐਕਸ਼ਨ ਨਿਰਦੇਸ਼ਨ ਮੋਹਨ ਬੱਗੜ੍ਹ ਆਦਿ ਨੇ ਕਿਹਾ ਕਿ ਸਵ. ਸਤੀਸ਼ ਕੌਸ਼ਿਕ ਦੇ ਦੇਹਾਂਤ ਤੋਂ ਬਾਅਦ ਇਕ ਹੋਰ ਸ਼ਾਨਦਾਰ ਫਿਲਮੀ ਹਸਤੀ ਦਾ ਚਲੇ ਜਾਣਾ ਹਿੰਦੀ ਸਿਨੇਮਾ ਖੇਤਰ ਲਈ ਇਕ ਹੋਰ ਪੂਰਾ ਨਾ ਹੋ ਸਕਣ ਵਾਲਾ ਘਾਟਾ ਹੈ, ਜਿਸ ਦੀ ਭਰਪਾਈ ਕਦੇ ਵੀ ਨਹੀਂ ਹੋ ਪਾਵੇਗੀ ।