ਚੰਡੀਗੜ੍ਹ: 'ਗੀਤਾਂ ਦੀ ਮਸ਼ੀਨ' ਉਰਫ਼ ਕਰਨ ਔਜਲਾ ਇੰਨੀਂ ਦਿਨੀਂ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਪਹਿਲਾਂ ਚਰਚਾ ਦਾ ਵਿਸ਼ਾ ਉਸ ਦਾ ਗੀਤ 'ਪੁਆਇੰਟ ਆਫ਼ ਵਿਊ' ਹੈ, ਹੁਣ ਇੱਕ ਖ਼ਬਰ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਹੈ ਕਰਨ ਔਜਲਾ ਦੇ ਕਿਸੇ ਜਾਣਕਾਰ ਦੀ ਗ੍ਰਿਫ਼ਤਾਰੀ।
ਦੱਸ ਦਈਏ ਕਿ ਪਿਛਲੇ ਦਿਨੀਂ ਸ਼ੋਸਲ ਮੀਡੀਆ ਉੱਤੇ ਜਿਸ ਖ਼ਬਰ ਨੇ ਤਬਾਹੀ ਮਚਾ ਰੱਖੀ ਸੀ, ਉਹ ਇਹ ਸੀ ਕਿ ਗਾਇਕ ਕਰਨ ਔਜਲਾ ਦੇ ਮੈਨੇਜਰ ਸ਼ਾਰਪੀ ਘੁੰਮਣ ਅਤੇ 8 ਹੋਰਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਹੈ। ਹੁਣ ਇਸ ਖ਼ਬਰ ਨੂੰ ਲੈ ਕੇ ਗਾਇਕ ਕਰਨ ਔਜਲਾ ਨੇ ਪੋਸਟ ਸਾਂਝੀ ਕੀਤੀ ਹੈ, ਗਾਇਕ ਨੇ ਪੋਸਟ ਵਿੱਚ ਲਿਖਿਆ 'ਮੀਡੀਆ ਦੇ ਮੈਂਬਰ ਅਤੇ ਭਰਾ ਭੈਣ ਜਿਹੜੇ ਮੈਨੂੰ ਪਿਆਰ ਕਰਦੇ ਆ, ਉਹਨਾਂ ਨੂੰ ਕੁੱਝ ਕੁ ਗੱਲ਼ਾਂ ਕਹਿਣੀਆਂ ਜਿਹੜੀਆਂ ਮੈਂ ਜ਼ਰੂਰੀ ਸਮਝਦਾ ਆ ਇਸ ਟਾਈਮ ਕਰਨੀਆਂ। ਕਿਉਂਕਿ ਕਈ ਗੱਲ਼ਾਂ ਟਾਈਮ 'ਤੇ ਹੀ ਕਲੀਅਰ ਕਰ ਦੇਣੀਆਂ ਚਾਹੀਦੀਆਂ ਨੇ।'
ਫਿਰ ਗਾਇਕ ਨੇ ਅੱਗੇ ਲਿਖਿਆ 'ਪਹਿਲਾਂ ਜਿਹੜੀ ਵੀਡੀਓ ਆਈ ਸੀ ਮੈਂ ਉਹਦੇ ਬਾਰੇ ਵੀ ਕਲੈਰੀਫਿਕੇਸ਼ਨ ਦਿੱਤੀ ਜਿੰਨੀ ਹੋ ਸਕਦੀ ਸੀ, ਅਤੇ ਕੱਲ੍ਹ ਆਹ ਵੀਡੀਓ ਦੇਖੀ ਵੀ, ਕਰਨਾ ਔਜਲਾ ਦਾ ਦੋਸਤ ਗ੍ਰਿਫ਼ਤਾਰ, ਯਰ ਮੈਨੂੰ ਇੱਕ ਗੱਲ਼ ਦੱਸੋ ਮੀਡੀਆ ਆਲੇ ਵੀ ਮੇਰਾ ਕੋਈ ਦੋਸਤ ਸੀ ਜਾਂ ਹੈ, ਜੋ ਉਹਨੇ ਨੇ ਕੀਤਾ ਉਸ ਦਾ ਹਰਜ਼ਾਨਾ ਉਹ ਭਰ ਰਿਹਾ, ਮੇਰਾ ਨਾਮ ਨਾਲ ਕਿਉਂ ਹਰ ਵਾਰ? ਮੈਂ ਕੀ ਕੀਤਾ? ਅਤੇ ਆਹ ਸਾਰਿਆਂ ਦਾ ਕੱਲਾ ਦੋਸਤ ਮੈਂ ਹੀ ਆ? ਮੇਰੀ ਸ਼ਾਇਦ ਉਸ ਬੰਦੇ ਨਾਲ ਪਿਛਲੇ ਦੋ ਸਾਲਾਂ ਤੋਂ ਗੱਲ਼ ਵੀ ਨਾ ਹੋਈ ਹੋਵੇ, ਅਤੇ ਜੇ ਮੈਂ ਪਹਿਲਾਂ ਜਾਣਦਾ ਵੀ ਸੀ ਤਾਂ ਕਿ ਮੇਰੇ ਤੋਂ ਪੁੱਛ ਕੇ ਆਪਣੀ ਜ਼ਿੰਦਗੀ ਦੇ ਚੰਗੇ ਮਾੜੇ ਫੈਸਲੇ ਲੈਂਦਾ ?'
ਕਰਨ ਔਜਲਾ ਨੇ ਅੱਗੇ ਕਿਹਾ 'ਮੈਂ ਕੱਲਾ ਨੀ ਜਿਹਦੀਆਂ ਫੋਟੋਆਂ ਜਾਂ ਵੀਡੀਓ ਕਿਸੇ ਨਾਲ ਹੋਣ, ਹੋਰ ਵੀ ਬਹੁਤ ਇੰਡਸਟਰੀ ਦੇ ਬੰਦੇ ਆ ਅਤੇ ਸਾਰਿਆਂ ਦਾ ਇਹੀ ਕਸੂਰ ਆ ਵੀ ਉਹ ਪੰਜਾਬ ਲਈ ਕੰਮ ਕਰ ਰਹੇ ਆ, ਅਤੇ ਆਪਣੇ ਪਰਿਵਾਰਾਂ ਦਾ ਢਿੱਡ ਭਰ ਰਹੇ ਆ ਆਪਣੇ ਕੰਮ ਦੇ ਜ਼ਰੀਏ, ਅਤੇ ਜਦ ਕੋਈ ਲੰਢੂ ਜਿਹਾ ਚੈਨਲ ਖਬਰ ਲਾਉਂਦਾ ਵੀ, ਕਰਨ ਔਜਲਾ ਦਾ ਸਾਥੀ ਗ੍ਰਿਫ਼ਤਾਰ, ਮੈਨੂੰ ਇਹ ਦੱਸੋ ਵੀ ਜਿਹੜਾ ਗ੍ਰਿਫ਼ਤਾਰ ਹੋਇਆ ਉਹਦਾ ਕੋਈ ਨਾਮ ਹੈਨੀ? ਮੇਰਾ ਨਾਮ ਨਾਲ ਨਾ ਜੋੜੋ ਕਿਸੇ ਚੀਜ਼ ਨਾਲ।'
ਗਾਇਕ ਅੱਗੇ ਪੋਸਟ ਨੂੰ ਵਧਾਉਂਦੇ ਹੋਏ ਲਿਖਿਆ 'ਮੈਂ ਆਪਣਾ ਕੰਮ ਕਰ ਰਿਹਾ ਆ ਅਤੇ ਸਰਵਾਈਵ ਕਰਨ ਦੀ ਕੋਸ਼ਿਸ ਕਰ ਰਿਹਾ ਬਾਕੀ ਸਾਰੇ ਕਲਾਕਾਰਾਂ ਵਾਂਗ, 5 ਵਾਰ ਮੇਰੇ ਉਪਰ ਫਾਈਰਿੰਗ ਹੋਈ ਕਦੇ ਇਸ ਬਾਰੇ ਕਿਸੇ ਚੈਨਲ ਨੇ ਹਮਦਰਦੀ ਦੀ ਖਬਰ ਨਹੀਂ ਚਲਾਈ ਕਿ ਇਹਨਾਂ ਨਾਲ ਗਲਤ ਹੋ ਰਿਹਾ, ਸੋ ਮੀਡੀਆ ਆਲਿਆਂ ਨੂੰ ਬੇਨਤੀ ਆ ਵੀ ਅੱਜ ਤੋਂ ਬਾਅਦ ਜੇ ਕੋਈ ਬਿਨ੍ਹਾਂ ਇਨਫੋਰਮੈਸ਼ਨ ਇੱਕਠੀ ਕਰੇ ਜਾਂ ਬਿਨਾਂ ਕਿਸੇ ਸਬੂਤ ਤੋਂ ਮੇਰਾ ਨਾਮ ਧੋਖੇ ਨਾ ਡੀਫਾਈਨ ਕਰਨ ਦੀ ਕੋਸ਼ਿਸ ਕਰਦਾ ਤਾਂ ਮੈਂ ਸਿੱਧਾ ਲੀਗਲ ਐਕਸ਼ਨ ਲਊਗਾ, ਮੇਰੀ ਲੀਗਲ ਟੀਮ ਪਹਿਲਾਂ ਇਸ ਚੀਜ਼ 'ਤੇ ਕੰਮ ਕਰ ਰਹੀ ਆ।'
ਗਾਇਕ ਨੇ ਅੰਤ ਵਿੱਚ ਲਿਖਿਆ 'ਇੱਕ ਗੱਲ਼ ਜ਼ਰੂਰ ਸਮਝ ਆ ਚੁੱਕੀ ਆ ਵੀ ਬੰਦੇ ਨੂੰ ਮਰਨ ਦੀ ਲੋੜ ਪੈਂਦੀ ਆ ਆਪਣੇ ਆਪ ਨੂੰ ਪਰੂਫ਼ ਕਰਨ ਲਈ, ਇਹੀ ਸੋਚਿਆ ਆ, ਤੁਸੀਂ ਵੀ ਸਾਰੇ ਗਏ ਤੋਂ ਮੁੱਲ਼ ਪਾਉਂਦੇ ਓ, ਸ਼ਰਮ ਆਉਣੀ ਚਾਹੀਦੀ ਆ।'
ਕੀ ਸੀ ਮਾਮਲਾ: ਹਾਲ ਹੀ ਵਿੱਚ ਇੱਕ ਖਬਰ ਫੈਲ ਰਹੀ ਸੀ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕਰਨ ਔਜਲਾ ਦੇ ਕਿਸੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਰਨ ਔਜਲਾ ਇੱਕ ਵਿਆਹ ਦੀ ਰਿਸੈਪਸ਼ਨ ਵਿੱਚ ਗਾਉਂਦੇ ਹੋਏ ਦਿਖਾਈ ਦੇ ਰਿਹਾ ਸੀ ਅਤੇ ਉਸ ਦੌਰਾਨ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਮੌਜੂਦ ਸੀ। ਇਸ ਵੀਡੀਓ ਨੂੰ ਲੈ ਕੇ ਵੀ ਗਾਇਕ ਨੇ ਕਾਫੀ ਗੱਲ਼ਾਂ ਸਾਫ਼ ਕੀਤੀਆਂ ਸਨ। ਉਸ ਸਮੇਂ ਵੀ ਗਾਇਕ ਨੇ ਇਹ ਕਿਹਾ ਸੀ ਕਿ ਮੀਡੀਆ ਨੂੰ ਥੋੜਾ ਸੋਚ ਕੇ ਖਬਰ ਲਾਉਣੀ ਚਾਹੀਦੀ ਆ। ਵਰਕਫੰਰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ ਵਿੱਚ ਪੀਓਵੀ ਗੀਤ ਰਿਲੀਜ਼ ਹੋਇਆ, ਇਸ ਗੀਤ ਵਿੱਚ ਵੀ ਗਾਇਕ ਨੇ ਇਹੀ ਗੱਲ਼ਾਂ ਕਹਿਣ ਦੀ ਕੋਸ਼ਿਸ਼ ਕੀਤੀ ਆ। ਗੀਤ ਨੂੰ ਚੰਗੇ ਵਿਊਜ਼ ਮਿਲ ਰਹੇ ਹਨ।
ਇਹ ਵੀ ਪੜ੍ਹੋ: ਏਜੀਟੀਐੱਫ ਨੇ ਪੰਜਾਬੀ ਗਾਇਕ ਕਰਨ ਔਜਲਾ ਦੇ ਸਾਥੀ ਸ਼ਾਰਪੀ ਘੁੰਮਣ ਸਣੇ 8 ਲੋਕ ਗ੍ਰਿਫਤਾਰ, ਮੋਹਾਲੀ ਵਿੱਚ ਮਾਮਲਾ ਦਰਜ