ਚੰਡੀਗੜ੍ਹ: ਪੰਜਾਬੀ ਗਾਇਕੀ ਵਿਚ ਬਤੌਰ ਗੀਤਕਾਰ ਅਤੇ ਗਾਇਕ ਵਿਲੱਖਣ ਮੁਕਾਮ ਰੱਖਦੇ ਰਹੇ ਮਰਹੂਮ ਗਾਇਕ ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਆਪਣੇ ਪਿਤਾ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਹੋਣ ਜਾ ਰਿਹਾ ਹੈ, ਜੋ ਜਲਦ ਆਪਣੇ ਪ੍ਰੋਫੈਸ਼ਨਲ ਗਾਇਕੀ ਸਫ਼ਰ ਦਾ ਆਗਾਜ਼ ਕਰੇਗਾ।
ਪੰਜਾਬ ਦੇ ਮਾਲਵੇ ਖਿੱਤੇ ਅਧੀਨ ਆਉਂਦੇ ਪਿੰਡ ਮੱਲਕੇ ਨਾਲ ਤਾਲੁਕ ਰੱਖਦੇ ਗਾਇਕ-ਗੀਤਕਾਰ ਰਾਜ ਬਰਾੜ ਦੀ ਲੰਮਾ ਸਮਾਂ ਤੱਕ ਗਾਇਕੀ ਸਫ਼ਰ ਵਿਚ ਸਰਦਾਰੀ ਅਤੇ ਧੁੰਮ ਬਰਕਰਾਰ ਰਹੀ ਹੈ, ਜਿੰਨ੍ਹਾਂ ਵੱਲੋਂ ਗਾਏ ਬੇਸ਼ੁਮਾਰ ਗਾਣੇ ਸੰਗੀਤਕ ਖੇਤਰ ਵਿਚ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ।
ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਵਾਲੇ ਇਹ ਹੋਣਹਾਰ ਗਾਇਕ ਵੱਲੋਂ ਗੀਤਕਾਰ ਦੇ ਤੌਰ 'ਤੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਉਨਾਂ ਵੱਲੋਂ ਲਿਖੇ ਅਤੇ ਉਚਕੋਟੀ ਗਾਇਕਾਂ ਵੱਲੋਂ ਗਾਏ ਕਈ ਗਾਣਿਆਂ ਨੇ ਸੰਗੀਤ ਖੇਤਰ ਵਿਚ ਰਾਜ ਬਰਾੜ ਦੀ ਗੀਤਕਾਰ ਦੇ ਤੌਰ 'ਤੇ ਸਥਾਪਤੀ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
ਗੀਤਕਾਰ ਦੇ ਤੌਰ ਉਤੇ ਮਿਲੀ ਅਪਾਰ ਸਫ਼ਲਤਾ ਨੇ ਹੌਲੀ-ਹੌਲੀ ਰਾਜ ਬਰਾੜ ਦੀ ਬਹੁਕਲਾਵਾਂ ਅਤੇ ਹੌਂਸਲਿਆਂ ਨੂੰ ਅਜਿਹੀ ਪਰਵਾਜ਼ ਦਿੱਤੀ ਕਿ ਉਨਾਂ ਗਾਇਕ ਵਜੋਂ ਵੀ ਅਥਾਹ ਸ਼ੋਹਰਤ ਅਤੇ ਮਾਣ ਆਪਣੀ ਝੋਲੀ ਪਾਇਆ। ਉਨ੍ਹਾਂ ਵੱਲੋਂ ਗਾਏ ਅਤੇ ਕਾਮਯਾਬੀ ਦੇ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲ ਰਹੇ ਗੀਤਾਂ ਵਿਚ 'ਖ਼ਤ', 'ਜ਼ਿੰਦ ਤੇਰੇ ਨਾਮ', 'ਦਸ ਕਿਦੇ ਆਸਰੇ', 'ਬਦਨਾਮ', 'ਅੱਖੀਆਂ ਦੋ ਹੀ ਚੰਗੀਆਂ ਨੇ', 'ਸਰਪੰਚੀ', 'ਕਿੱਦਾਂ ਚਿੱਤ ਕਰਦਾ', 'ਸਾਡੇ ਵਾਰੀ ਰੰਗ ਮੁੱਕਿਆ', 'ਜਾਨੇ ਮੇਰੀਏ', 'ਸਾਡਾ ਫ਼ਿਕਰ ਨਾ ਕਰੀ', 'ਜੀ ਕਰਦਾ' ਆਦਿ ਸ਼ਾਮਿਲ ਰਹੇ ਹਨ।
ਗਾਇਕੀ ਖੇਤਰ ਵਿਚ ਕਾਮਯਾਬੀ ਦਾ ਸਿਖਰ ਹੰਢਾਉਣ ਵਾਲੇ ਇਸ ਸ਼ਾਨਦਾਰ ਗਾਇਕ ਦੀ ਹੋਈ ਮੌਤ ਉਪਰੰਤ ਉਨਾਂ ਦੇ ਪਰਿਵਾਰ ਨੂੰ ਅਜਿਹਾ ਦਰਦ ਅਤੇ ਸਦਮਾ ਦਿੱਤਾ ਕਿ ਉਹ ਸੰਗੀਤ ਖੇਤਰ ਤੋਂ ਪੂਰਾ ਤਰ੍ਹਾਂ ਲਾਂਬੇ ਹੋ ਗਿਆ। ਉਕਤ ਪਰਿਵਾਰ ਦੇ ਸੰਗੀਤਕ ਅਤੇ ਕਲਾ ਖੇਤਰ ਵਿਚ ਪੈਦਾ ਹੋਏ ਖ਼ਲਾਅ ਨੂੰ ਮੁੜ ਭਰਨ ਵਿਚ ਰਾਜ ਬਰਾੜ ਦੀ ਬੇਟੀ ਸਵਿਤਾਜ ਬਰਾੜ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵੱਲੋਂ ਅਦਾਕਾਰਾ ਦੇ ਤੌਰ 'ਤੇ 'ਮੂਸਾ ਜੱਟ' ਜਿਹੀਆਂ ਕਈ ਚਰਚਿਤ ਪੰਜਾਬੀ ਫਿਲਮਾਂ ਕੀਤੀਆਂ ਜਾ ਚੁੱਕੀਆਂ ਹਨ।
ਉਕਤ ਪਰਿਵਾਰ ਦੀ ਸੰਗੀਤ ਅਤੇ ਫਿਲਮੀ ਖੇਤਰ ਵਿਚ ਮੁੜ ਸੁਰਜੀਤੀ ਨੂੰ ਹੋਰ ਮਜ਼ਬੂਤ ਪੈੜ੍ਹਾਂ ਦੇਣ ਜਾ ਰਿਹਾ ਹੈ, ਸਵ. ਰਾਜ ਬਰਾੜ ਦਾ ਹੀ ਹੋਣਹਾਰ ਬੇਟਾ ਜੋਸ਼ ਬਰਾੜ, ਜੋ ਸੰਗੀਤ ਦੇ ਗਹਿਰੇ ਅਧਿਐਨ ਅਤੇ ਤਿਆਰੀ ਬਾਅਦ ਆਪਣੇ ਗਾਇਕੀ ਸਫ਼ਰ ਦਾ ਮੁੱਢ ਬੰਨਣ ਜਾ ਰਿਹਾ ਹੈ। ਚੰਡੀਗੜ੍ਹ ਵਿਖੇ ਆਪਣੀ ਉੱਚ ਪੜ੍ਹਾਈ ਪੂਰੀ ਕਰਨ ਵਾਲੇ ਜੋਸ਼ ਬਰਾੜ ਦੀ ਸੁਰੀਲੀ ਅਤੇ ਦਿਲ ਨੂੰ ਛੂਹ ਜਾਣ ਵਾਲੀ ਆਵਾਜ਼ ਅਤੇ ਮੁਹਾਂਦਰਾ ਹੁਬਹੂ ਉਨਾਂ ਦੇ ਪਿਤਾ ਦੇ ਪ੍ਰਭਾਵੀ ਗਾਇਕੀ ਅਤੇ ਵਿਅਕਤੀ ਰੰਗਾਂ ਦਾ ਭੁਲੇਖ਼ਾ ਪਾਉਂਦਾ ਹੈ, ਜਿਸ ਦੀ ਨਾਯਾਬ ਗਾਇਕੀ ਅਤੇ ਪ੍ਰੋਫੋਰਮੈੱਸ ਦਾ ਜਲਦ ਹੀ ਸਰੋਤਿਆਂ ਅਤੇ ਦਰਸ਼ਕਾਂ ਨੂੰ ਆਨੰਦ ਮਾਣਨ ਨੂੰ ਮਿਲੇਗਾ।