ਚੰਡੀਗੜ੍ਹ: ਬਾਲੀਵੁੱਡ ਸਿਤਾਰਿਆਂ ਦੀ ਪੰਜਾਬ ਵੱਲ ਆਮਦ ਲਗਾਤਾਰ ਵੱਧ ਰਹੀ ਹੈ, ਜਿਸ ਦਾ ਕਾਰਣ ਇੱਥੇ ਵੱਖ ਵੱਖ ਹਿੰਦੀ ਫ਼ਿਲਮਾਂ ਦੀ ਹੋ ਰਹੀ ਸ਼ੂਟਿੰਗ ਨੂੰ ਮੰਨਿਆ ਜਾ ਸਕਦਾ ਹੈ ਅਤੇ ਇਸੇ ਮੱਦੇਨਜ਼ਰ ਹੀ ਹਿੰਦੀ ਸਿਨੇਮਾ ਦੀ ਨਾਮਵਰ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਅਗਲੇ ਹਫ਼ਤੇ ਇੱਥੇ ਦਸਤਕ ਦੇਣ ਜਾ ਰਹੀ ਹੈ, ਜੋ ਇੱਥੇ ਹੋ ਰਹੇ ਆਪਣੀ ਨਵੀਂ ਫ਼ਿਲਮ ‘ਫ਼ਤਿਹ’ ਦੇ ਸ਼ੂਟ ਵਿਚ ਹਿੱਸਾ ਲਵੇਗੀ।
ਦੁਬਈ ਵਿਖੇ ਇੰਨੀਂ ਦਿਨ੍ਹੀਂ ਹੋ ਰਹੇ ‘ਆਈਬੀਐਫ਼ਏ’ ਐਵਾਰਡ 2023 ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੀ ਜੈਕਲੀਨ ਫਰਨਾਂਡੀਜ਼ ਪੰਜਾਬ ਵਿਖੇ ਫ਼ਿਲਮਾਈ ਜਾ ਰਹੀ ਹਿੰਦੀ ਫ਼ਿਲਮ ‘ਫ਼ਤਿਹ’ ਵਿਚ ਸੋਨੂੰ ਸੂਦ ਦੇ ਨਾਲ ਲੀਡ ਭੂਮਿਕਾ ਨਿਭਾ ਰਹੀ ਹੈ, ਜੋ ਕਿ ਸਾਈਬਰ ਕ੍ਰਾਈਮ ਕਹਾਣੀ ਆਧਾਰਿਤ ਇਸ ਫ਼ਿਲਮ ਨੂੰ ਆਪਣੇ ਅਹਿਮ ਕਿਰਦਾਰ ਦੁਆਰਾ ਅਹਿਮ ਮੋੜ ਦਿੰਦੀ ਨਜ਼ਰ ਆਵੇਗੀ।
ਪੰਜਾਬ ਆਗਮਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਜੈਕਲਿਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਜਿਹੇ ਪਵਿੱਤਰ ਅਸਥਾਨ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਉਨਾਂ ਦਾ ਲਗਾਵ ਬਚਪਨ ਦੇ ਸਮੇਂ ਤੋਂ ਹੀ ਰਿਹਾ ਹੈ, ਕਿਉਂ ਕਿ ਉਸ ਦੇ ਮਾਤਾ ਪਿਤਾ ਵੀ ਅਕਸਰ ਇੱਥੋਂ ਦੇ ਦਰਸ਼ਨ ਏ ਦੀਦਾਰ ਲਈ ਆਉਂਦੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ:Jodi Release Date: ਫਿਲਮ 'ਜੋੜੀ' ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ ਦਿਲਜੀਤ-ਨਿਮਰਤ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰਿਆਲੀ ਭਰਪੂਰ ਹਿੱਸਿਆ ਵਿਚ ਸ਼ੂਟਿੰਗ ਕਰਨਾ ਜਿੱਥੇ ਉਨ੍ਹਾਂ ਨੂੰ ਕਾਫ਼ੀ ਉਤਸ਼ਾਹਿਤ ਕਰ ਰਿਹਾ ਹੈ, ਉਥੇ ਨਾਲ ਹੀ ਇੱਥੋਂ ਦੇ ਸਵਾਦਿਸ਼ਟ ਖਾਣਿਆਂ ਦਾ ਵੀ ਉਹ ਭਰਪੂਰ ਲੁਤਫ਼ ਸ਼ੂਟਿੰਗ ਦੌਰਾਨ ਉਠਾਉਣਾ ਪਸੰਦ ਕਰੇਗੀ।
ਓਧਰ ਜੇਕਰ ਪੰਜਾਬ ਵਿਚ ਆਪਣੇ ਆਪਣੇ ਫ਼ਿਲਮੀ ਸ਼ੂਟ ਸੰਪੂਰਨ ਕਰਵਾ ਰਹੇ ਹੋਰਨਾਂ ਬਾਲੀਵੁੱਡ ਅਦਾਕਾਰਾ ਦੀ ਗੱਲ ਕਰੀਏ ਤਾਂ ਉਨ੍ਹਾਂ ਵਿਚ ਜਾਨ ਅਬਰਾਹਿਮ , ਸੈਫ਼ ਅਲੀ ਖਾਨ, ਸੋਨੂੰ ਸੂਦ, ਮਾਨਵ ਵਿਜ਼ ਆਦਿ ਵੀ ਪ੍ਰਮੁੱਖ ਹਨ, ਜੋ ਸ੍ਰੀ ਅੰਮ੍ਰਿਤਸਰ ਹਿੱਸਿਆ ਵਿਚ ਹੀ ਆਪਣੀਆਂ ਫ਼ਿਲਮਾਂ ਦਾ ਫ਼ਿਲਮਾਂਕਣ ਪੂਰੇ ਕਰਵਾ ਰਹੇ ਹਨ।
ਇਸ ਤੋਂ ਇਲਾਵਾ ਸਾਰਾ ਅਲੀ ਖ਼ਾਨ ਵੀ ਆਪਣੇ ਇਕ ਸ਼ੂਟ ਦੇ ਸਿਲਸਿਲੇ ਵਿਚ ਇੱਥੇ ਪੁੱਜ ਚੁੱਕੀ ਹੈ, ਜੋ ਆਪਣੇ ਫ਼ਿਲਮੀ ਰੁਝੇਵਿਆਂ ਬਾਅਦ ਆਪਣੇ ਪਿਤਾ ਸੈਫ਼ ਅਲੀ ਖ਼ਾਨ ਨਾਲ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਵੀ ਕੁਝ ਸਮਾਂ ਬਤੀਤ ਕਰੇਗੀ। ਉਕਤ ਸਿਤਾਰਿਆਂ ਤੋਂ ਬਾਅਦ ਹਿੰਦੀ ਸਿਨੇਮਾ ਦੀਆਂ ਕੁਝ ਹੋਰ ਦਿੱਗਜ ਹਸਤੀਆਂ ਵੀ ਪੰਜਾਬ ਕੂਚ ਲਈ ਤਿਆਰੀਆਂ ਕੱਸ ਰਹੀਆਂ ਹਨ, ਜਿੰਨ੍ਹਾਂ ਵਿਚ ਬਾਲੀਵੁੱਡ ਦੇ ਕਾਫ਼ੀ ਵੱਡੇ ਨਾਂਅ ਸ਼ਾਮਿਲ ਹਨ।