ਚੰਡੀਗੜ੍ਹ: ਪਾਲੀਵੁੱਡ ਨੂੰ 'ਅੰਗਰੇਜ਼', 'ਨਿੱਕਾ ਜ਼ੈਲਦਾਰ', 'ਮੁਕਲਾਵਾ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਮਸ਼ਹੂਰ ਨਿਰਦੇਸ਼ਕ ਸਿਮਰਜੀਤ ਸਿੰਘ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਜੀ ਹਾਂ...ਨਿਰਦੇਸ਼ਕ ਦਾ ਨਾਂ ਚੋਟੀ ਦੇ ਨਿਰਦੇਸ਼ਕਾਂ ਵਿੱਚ ਸ਼ਾਮਿਲ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਆਈਐੱਮਡੀਬੀ ਨੇ ਹਾਲ ਹੀ ਵਿੱਚ ਭਾਰਤੀ ਰੇਟਿੰਗ ਦੇ ਆਧਾਰ ਉਤੇ ਚੋਟੀ ਦੇ 25 ਨਿਰਦੇਸ਼ਕਾਂ ਦੀ ਸੂਚੀ ਜਾਰੀ ਕੀਤੀ ਹੈ, ਸੂਚੀ ਵਿੱਚ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦਾ ਨਾਂ ਵੀ ਸ਼ਾਮਿਲ ਹੈ। ਸਿਮਰਜੀਤ ਸਿੰਘ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਨਿਰਦੇਸ਼ਕ ਦਾ ਵਿਸ਼ਵ ਵਿੱਚ 86ਵਾਂ ਸਥਾਨ ਅਤੇ ਭਾਰਤ ਵਿੱਚ 15ਵਾਂ ਸਥਾਨ ਹੈ ਜੋ ਕਿ ਪਾਲੀਵੁੱਡ ਲਈ ਮਾਣ ਵਾਲੀ ਗੱਲ ਹੈ।
ਸਿਮਰਜੀਤ ਸਿੰਘ ਬਾਰੇ: ਸਿਮਰਜੀਤ ਸਿੰਘ ਇੱਕ ਭਾਰਤੀ ਫਿਲਮ ਨਿਰਦੇਸ਼ਕ ਅਤੇ ਲੇਖਕ ਹੈ। ਉਹ ਪੰਜਾਬੀ ਫਿਲਮ 'ਅੰਗਰੇਜ਼' ਦੇ ਨਿਰਦੇਸ਼ਨ ਨਾਲ ਚਰਚਾ ਵਿੱਚ ਆਇਆ ਸੀ। ਸਿਮਰਜੀਤ ਨੇ ਬਤੌਰ ਨਿਰਦੇਸ਼ਕ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਗੁਰਦਾਸ ਮਾਨ, ਰਾਣਾ ਰਣਬੀਰ, ਕਰਮਜੀਤ ਅਨਮੋਲ ਅਤੇ ਹੈਰੀ ਸ਼ਰਨ ਸਟਾਰਰ ਫਿਲਮ 'ਚੱਕ ਜਵਾਨਾ' (2010) ਨਾਲ ਕੀਤੀ ਸੀ। ਇਸ ਫਿਲਮ ਦੇ ਲੇਖਕ ਵੀ ਸਿਮਰਜੀਤ ਹੀ ਸਨ। ਵਰਕਫੰਟ ਦੀ ਗੱਲ ਕਰੀਏ ਤਾਂ ਸਿਮਰਜੀਤ ਸਿੰਘ ਨੇ ਹਾਲ ਹੀ ਵਿੱਚ ਐਮੀ ਵਿਰਕ ਅਤੇ ਤਾਨੀਆ ਸਟਾਰਰ ਫਿਲਮ 'ਓਏ ਮੱਖਣਾ' ਦਾ ਨਿਰਦੇਸ਼ਨ ਕੀਤਾ ਸੀ।
ਇਸ ਤੋਂ ਇਲਾਵਾ ਸੂਚੀ ਵਿੱਚ ਭਾਰਤ ਦੇ ਕਈ ਮਸ਼ਹੂਰ ਨਿਰਦੇਸ਼ਕ ਐੱਸਐੱਸ ਰਾਜਾਮੌਲੀ, ਰਾਜ ਕੁਮਾਰ ਹਿਰਾਨੀ ਅਤੇ ਨਿਤੇਸ਼ ਤਿਵਾਰੀ ਸ਼ਾਮਿਲ ਹਨ।
ਇਹ ਵੀ ਪੜ੍ਹੋ:ਰੈਪਰ ਬੋਹੇਮੀਆ ਨੇ ਲਾਹੌਰ ਵਿੱਚ ਸ਼ੋਅ ਦੌਰਾਨ ਦਿੱਤੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ, ਦੇਖੋ ਵੀਡੀਓ