ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਬਤੌਰ ਅਦਾਕਾਰਾ ਨਿਵੇਕਲੀਆਂ ਅਤੇ ਮਜ਼ਬੂਤ ਪੈੜਾਂ ਸਿਰਜਣ ਵਿੱਚ ਸਫਲ ਰਹੀ ਹੈ ਖੂਬਸੂਰਤ ਅਦਾਕਾਰਾ ਇਹਾਨਾ ਢਿੱਲੋਂ, ਜੋ ਹੁਣ ਨਿਰਮਾਤਰੀ ਦੇ ਤੌਰ 'ਤੇ ਵੀ ਨਵੇਂ ਆਯਾਮ ਕਾਇਮ ਕਰਨ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਜਾ ਰਹੀਆਂ ਹਨ, ਉਸ ਵੱਲੋਂ ਨਿਰਮਿਤ ਕੀਤੀਆਂ ਗਈਆਂ ਪੰਜਾਬੀ ਫਿਲਮਾਂ 'ਜਿੰਦੇ ਕੁੰਡੇ ਲਾ ਲੋ' ਅਤੇ 'ਜੇ ਪੈਸਾ ਬੋਲਦਾ ਹੁੰਦਾ', ਜਿੰਨਾਂ ਵਿੱਚ ਲੀਡਿੰਗ ਕਿਰਦਾਰ ਵੀ ਪਲੇ ਕਰਦੀ ਨਜ਼ਰੀ ਪਵੇਗੀ ਇਹ ਦਿਲਕਸ਼ ਅਤੇ ਪ੍ਰਤਿਭਾਵਾਨ ਅਦਾਕਾਰਾ।
ਉਕਤ ਵਿੱਚੋਂ ਹੀ ਬਣਾਈ ਗਈ 'ਜੇ ਪੈਸਾ ਬੋਲਦਾ ਹੁੰਦਾ' ਦਾ ਨਿਰਮਾਣ ਇਹਾਨਾ ਢਿੱਲੋਂ ਮੂਵੀਜ਼ ਅਤੇ ਲਾਈਫ ਲਾਈਨ ਗਰੁੱਪ ਦੇ ਬੈਨਰ ਅਧੀਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਮਨਪ੍ਰੀਤ ਬਰਾੜ ਅਤੇ ਲੇਖਨ ਅਮਨ ਸਿੱਧੂ ਦੁਆਰਾ ਕੀਤਾ ਗਿਆ ਹੈ।
ਚੰਡੀਗੜ੍ਹ ਅਤੇ ਮੋਹਾਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਵਿੱਚ ਹਰਦੀਪ ਗਰੇਵਾਲ ਅਤੇ ਇਹਾਨਾ ਢਿੱਲੋਂ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨਾਂ ਨਾਲ ਮਿੰਟੂ ਕਾਪਾ, ਰਾਜ, ਧਾਲੀਵਾਲ, ਸੁਖਵਿੰਦਰ ਰਾਜ, ਮਲਕੀਤ ਰੌਣੀ, ਜੱਗੀ ਧੂਰੀ, ਜਸ਼ਨਜੀਤ ਗੋਸ਼ਾ, ਪ੍ਰਤੀਕ ਵਡੇਰਾ, ਸੰਦੀਪਜੀਤ ਪਤੀਲਾ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਸਮਾਜਿਕ ਸਰੋਕਾਰਾਂ ਦੀ ਬੇਹੱਦ ਦਿਲ ਟੁੰਬਵੇਂ ਅਤੇ ਦਿਲਚਸਪ ਢੰਗ ਨਾਲ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਸੰਗੀਤ ਜੱਗੀ ਸਿੰਘ, ਆਰ ਗੂਰੂ, ਅਮਨ ਧਾਲੀਵਾਲ, ਗੁਰਚਰਨ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਵਿਚਲੇ ਗੀਤਾਂ ਦੀ ਰਚਨਾ ਹਰਦੀਪ ਗਰੇਵਾਲ, ਹਰਮਨਜੀਤ, ਪ੍ਰਗਟ ਰੰਗਰੂਟ ਨੇ ਕੀਤੀ ਹੈ, ਜਿੰਨਾਂ ਦੇ ਲਿਖੇ ਵੱਖ-ਵੱਖ ਗਾਣਿਆਂ ਨੂੰ ਪਿੱਠਵਰਤੀ ਆਵਾਜ਼ਾਂ ਹਰਦੀਪ ਗਰੇਵਾਲ, ਜਾਵੇਦ ਅਲੀ ਅਤੇ ਸੁਲਤਾਨਾ ਨੇ ਦਿੱਤੀਆਂ ਹਨ।
ਮੂਲ ਰੂਪ ਵਿੱਚ ਜ਼ਿਲਾਂ ਫਰੀਦਕੋਟ ਦੇ ਜੈਤੋ ਕਸਬੇ ਅਧੀਨ ਆਉਂਦੇ ਪਿੰਡ ਦਬੜੀਖਾਨਾ ਨਾਲ ਸੰਬੰਧਤ ਹੈ ਅਦਾਕਾਰਾ ਇਹਾਨਾ ਢਿੱਲੋਂ, ਜੋ ਹੁਣ ਤੱਕ ਦੇ ਆਪਣੇ ਕਰੀਅਰ ਦੌਰਾਨ ਕਈ ਵੱਡੀਆਂ ਅਤੇ ਸਫਲ ਫਿਲਮਾਂ ਵਿੱਚ ਲੀਡਿੰਗ ਕਿਰਦਾਰਾ ਅਦਾ ਕਰ ਚੁੱਕੀ ਹੈ, ਜਿਸ ਵੱਲੋਂ ਕੀਤੀਆਂ ਗਈਆਂ ਚਰਚਿਤ ਫਿਲਮਾਂ ਵਿੱਚ ਹਾਲ ਹੀ ਦੇ ਸਮੇਂ ਵਿਚ ਆਈਆਂ 'ਗੋਲ ਗੱਪੇ', 'ਭੂਤ ਅੰਕਲ ਤੁਸੀ ਗ੍ਰੇਟ ਹੋ', 'ਬਲੈਕੀਆ' ਆਦਿ ਸ਼ੁਮਾਰ ਰਹੀਆਂ ਹਨ।
ਪਾਲੀਵੁੱਡ ਦੇ ਨਾਲ-ਨਾਲ ਹਿੰਦੀ ਸਿਨੇਮਾ ਅਤੇ ਮਿਊਜ਼ਿਕ ਵੀਡੀਓ ਦੇ ਖੇਤਰ ਵਿੱਚ ਵੀ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਦੀ ਜਾ ਰਹੀ ਹੈ ਇਹ ਬਾਕਮਾਲ ਅਦਾਕਾਰਾ, ਜਿਸ ਦਾ ਪ੍ਰਗਟਾਵਾ ਉਸ ਦੀਆਂ ਰਿਲੀਜ਼ ਹੋਈਆਂ ਕਈ ਹਿੰਦੀ ਫਿਲਮਾਂ ਅਤੇ ਸਾਹਮਣੇ ਆਏ ਕਈ ਸ਼ਾਨਦਾਰ ਸੰਗੀਤਕ ਵੀਡੀਓਜ਼ ਵੀ ਬਾਖੂਬੀ ਕਰਵਾਉਣ ਵਿਚ ਸਫ਼ਲ ਰਹੇ ਹਨ।